Friday, December 30, 2011

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ








ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
(1666 -1708 )




ਧੰਨ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ "ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਦਾ ਜਨਮ 1666 ਵਿੱਚ ਪਟਨਾ ਸ਼ਹਿਰ ਵਿਖੇ ਪਿਤਾ "ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਅਤੇ ਮਾਤਾ ਗੁਜਰੀ ਜੀ" ਦੇ ਘਰ ਹੋਇਆ !

ਕਲਗੀਧਰ ਦਸਮੇਸ਼ ਪਿਤਾ ਬਚਪਨ ਤੋਂ ਹੀ ਸੂਰਬੀਰ ਅਤੇ ਸੰਤ-ਬਿਰਤੀ ਦੇ ਸਨ ! ਆਪ ਜੀ ਨੇ ਗੁਰਮਤਿ ਸਿੱਖਿਆ ਦੇ ਨਾਲ-ਨਾਲ ਜੰਗੀ-ਵਿੱਦਿਆ ਦਾ ਵੀ ਅਧਿਆਇਨ ਕੀਤਾ !
ਆਪ ਜੀ ਉਚ-ਕੋਟੀ ਦੇ ਵਿਦਵਾਨ, ਕਵੀ ਅਤੇ ਸੰਤ-ਸਿਪਾਹੀ ਸਨ !

ਆਪ ਜੀ ਨੇ ੯ ਸਾਲ ਦੀ ਕੋਮਲ, ਬਾਲਪਨ ਅਵਸਥਾ ਵਿੱਚ ਗੁਰੂ-ਪਿਤਾ "ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ" ਨੂੰ ਕਸ਼ਮੀਰੀ ਪੰਡਿਤਾਂ ਦੀ ਮਦਦ ਕਰਨ ਸਦਕਾ ਦਿੱਲੀ ਜਾਣ ਬਾਰੇ ਕਿਹਾ !

ਆਪ ਜੀ ਨੇ ਜਗਤ-ਗੁਰੂ "ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ" ਦੇ ਨਿਰਮਲ-ਪੰਥ ਨੂੰ ਇੱਕ ਪੂਰਨਤਾ ਬਖਸ਼ਦੇ ਹੋਏ "ਖਾਲਸਾ-ਪੰਥ" ਦੀ ਸਾਜਨਾ ੧੬੯੯ ਵਿੱਚ ਕੀਤੀ !

ਆਪ ਜੀ ਨੇ ਜੁਗਾਂ ਤੱਕ ਖਾਲਸਾ ਨਿਵਾਜਿਆ ਰਹੇ, ਆਪਣਾ ਸਰਬੰਸ ਵਾਰ ਦਿੱਤਾ ! ਆਪਣੇ ਪਿਤਾ-ਗੁਰੂ, ਛੋਟੇ ਛੋਟੇ ਲਾਲ (੪ ਪੁੱਤਰ), ਮਾਤਾ ਜੀ (ਮਾਤਾ ਗੁਜਰੀ ਜੀ) ਨੂੰ ਕੌਮ ਤੋਂ ਵਾਰ ਦਿੱਤਾ ਤਾਂ ਜੋ ਖਾਲਸਾ ਅਤੇ ਸਿੱਖ ਕੌਮ ਹਜਾਰ-ਹਜੂਰ ਰਹੇ !

" ਧੰਨ ਧੰਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਪਰ ਅਪਾਰ,
ਦੇਸ਼ ਕੌਮ ਤੋਂ ਹੱਸਦੇ ਹੱਸਦੇ ਵਾਰ ਦਿੱਤਾ ਪਰਿਵਾਰ !!
ਤੇਰੇ ਵਰਗਾ ਕੋਈ ਨਾ ਬਲੀਦਾਨ ਦਾ ਦਾਤਾ
ਦਿੱਲੀ ਦੇ ਵਿੱਚ ਪਿਤਾ ਗਵਾਇਆ, ਠੰਡੇ ਬੁਰਜ ਵਿੱਚ ਮਾਤਾ,
ਵੱਡੇ ਪੁੱਤਰ ਚਮਕੌਰ ਚ ਵਾਰੇ, ਛੋਟੇ ਵਿੱਚ ਦੀਵਾਰ !!
ਕੱਲੇ ਕੱਲੇ ਸਿੰਘ ਨੂੰ ਤੁਸੀਂ ਲੱਖਾਂ ਨਾਲ ਲੜਾਇਆ ,
ਪਾਣੀ ਪਾਣੀ ਹੋ ਗਈ ਡਰ ਕੇ ਜ਼ਾਲਮ ਦੀ ਤਲਵਾਰ !!

ਧੰਨ ਬਾਜਾਂ ਵਾਲੇ ਤੇਰੀ ਸਿੱਖੀ ਸਿਦਕ, ਤੁਹਾਨੂੰ ਕੋਟ ਕੋਟ ਨਮਸਕਾਰ....!! 

ਜੀਵਨ ਸੰਖੇਪ:

ਬਾਦਸ਼ਾਹ-ਦਰਵੇਸ਼, ਸੰਤ-ਸਿਪਾਹੀ, ਅਮ੍ਰਿਤ ਦੇ ਦਾਤੇ, ਸਾਹਿਬ-ਏ-ਕਮਾਲ, ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ" ਦਾ ਜਨਮ ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਾਤਾ ਗੂਜਰੀ ਜੀ ਦੇ ਗ੍ਰਿਹ, ਪਟਨਾ ਸ਼ਹਿਰ (ਬਿਹਾਰ) ਵਿਖੇ 1666 ਵਿੱਚ ਹੋਇਆ !

" ਤਹੀ ਪ੍ਰਕਾਸ ਹਮਾਰਾ ਭਯੋ !!
        ਪਟਨਾ ਸਹਰ ਬਿਖੈ ਭਵ ਲਯੋ !! "


ਆਪ ਜੀ ਦੇ ਜਨਮ ਸਮੇਂ ਪਿਤਾ-ਗੁਰੂ "ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਅਸਾਮ ਵੱਲ ਗੁਰਮਤਿ ਪਰਚਾਰ ਦੋਰੇ ਤੇ ਗਏ ਹੋਏ ਸਨ ! ਆਪ ਜੀ ਗੁਰਮਤਿ ਦੇ ਧਾਰਨੀ ਤਾਂ ਹੈ ਹੀ ਸਨ ਅਤੇ ਨਾਲ-ਨਾਲ ਆਪ ਜੀ ਨੇ ਫ਼ਾਰਸੀ ਅਤੇ ਸੰਸਕ੍ਰਿਤ ਵਿੱਦਿਆ ਵੀ ਪ੍ਰਾਪਤ ਕੀਤੀ ! ਆਪ ਜੀ ਨੇ ਸ਼ਸਤਰ-ਵਿੱਦਿਆ ਦੇ ਨਾਲ-ਨਾਲ ਸ਼ਾਸਤਰ-ਵਿੱਦਿਆ ਵੀ ਬਚਪਨ ਵਿੱਚ ਹੀ ਹਾਸਿਲ ਕੀਤੀ !
ਆਪ ਜੀ ਜਿੱਥੇ ਤੇਗ ਦੇ ਧਨੀ ਸਨ, ਓਥੇ ਨਾਲ ਦੀ ਨਾਲ ਕਲਮ ਦੇ ਵੀ ਧਨੀ ਸਨ ! ਇਨਾ ਹੀ ਨਹੀਂ ਆਪ ਜੀ ਕਲਮ ਦੇ ਵੱਡੇ ਸਰਪ੍ਰਸਤ ਵੀ ਸਨ ! ਆਪ ਜੀ ਨੇ ੫੨ ਕਵੀਆ ਨੂੰ ਆਪਣੇ ਦਰਬਾਰ ਵਿੱਚ ਸਨਮਾਨਿਤ ਕਰ ਕੇ ਥਾਪਿਆ ਹੋਇਆ ਸੀ !

ਆਪ ਜੀ ਦਾ ਵਿਆਹ "ਮਾਤਾ ਸੁੰਦਰੀ ਜੀ" ਨਾਲ 1684 ਵਿੱਚ ਹੋਇਆ ! ਆਪ ਜੀ ਦੇ 4 ਪੁੱਤਰ (ਸਾਹਿਬਜ਼ਾਦਾ ਅਜੇਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ) ਸਨ ਜੋ ਕੀ ਆਪ ਜੀ ਵਾਂਗ ਹੀ ਸੂਰਬੀਰ ਸਨ !
ਧਰਮ ਅਤੇ ਮਨੁੱਖਤਾ ਦੀ ਰੱਖਿਆ ਹਿੱਤ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ 'ਹਿੰਦ ਦੀ ਚਾਦਰ" ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਮਾਤਾ ਗੂਜਰੀ ਜੀ, ਅਤੇ ਚਾਰੇ ਸਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ !

ਖਾਲਸਾ ਸਾਜਨਾ:
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਊਚ-ਨੀਚ ਦੇ ਫ਼ਰਕ ਨੂ ਮਿਟਾਉਂਦੇ ਹੋਏ ਅਤੇ ਮੁਗਲਾਂ ਦੇ ਜ਼ੁਲਮ ਨੂੰ ਠੱਲ ਪਾਉਂਦੇ ਹੋਏ ੧੬੯੯ ਨੂੰ ਵੈਸਾਖ ਮਹੀਨੇ ਦੀ ਆਰੰਭਤਾ ਦੇ ਦਿੰਨ ਅਨੰਦਪੁਰ  ਸਾਹਿਬ ਵਿਖੇ "ਖਾਲਸਾ ਪੰਥ" ਦੀ ਸਿਰਜਨਾ ਕੀਤੀ ! ਖਾਲਸਾ ਇੱਕ ਐਸੀ ਕੌਮ ਸੀ ਜਿਸ ਨੇ ਕੌਮ ਅੰਦਰ ਏਕਤਾ, ਕੁਰਬਾਨੀ, ਦਲੇਰੀ ਅਤੇ ਜ਼ੁਲਮ ਵਿਰੁਧ ਡੱਟ ਜਾਣ ਦੀ ਭਾਵਨਾ ਕੁੱਟ-ਕੁੱਟ ਕੇ ਭਰ ਦਿੱਤੀ ! ਗੁਰੂ ਸਾਹਿਬ ਨੇ ਸਮੂਹ ਲੋਕਾਈ (ਭਾਵ ਕਿ ਸਾਰੀਆਂ ਜਾਤਾਂ) ਨੂੰ ਇੱਕ ਸੂਤਰ ਵਿੱਚ ਬੰਨਦੇ ਹੋਏ ਵੱਖ- ਵੱਖ ਜਾਤਾਂ ਵਿੱਚੋਂ ਪੰਜ ਪਿਆਰੇ ਸਾਜੇ !

ਆਪ ਜੀ ਨੇ ਇਸ ਪ੍ਰਕਾਰ
"ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ !" 
ਦੇ ਕਥਨ ਨੂੰ ਸਾਬਿਤ ਕੀਤਾ !

ਪੰਜ ਪਿਆਰੇ ਸਨ :
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਿੱਚ ਮਾਤਾ ਸਾਹਿਬ ਕੋਰ ਜੀ ਨੇ ਵੀ ਯੋਗਦਾਨ ਪਾਇਆ ! ਇਸ ਪ੍ਰਕਾਰ ਮਾਤਾ ਸਾਹਿਬ ਕੌਰ ਜੀ ਸਿੱਖ ਦੇ ਗੁਰੂ-ਮਾਤਾ ਅਤੇ ਗੁਰੂ ਸਾਹਿਬ ਗੁਰੂ-ਪਿਤਾ ਹੋਏ !

ਗੁਰੂ ਦਾ ਖਾਲਸਾ ਇੱਕ ਅਜਿਹਾ ਸੂਰਮਾ, ਯੋਧਾ ਹੈ ਜਿਸ ਵਿੱਚ ਸਵਾ-ਸਵਾ ਲੱਖ ਨਾਲ ਟਾਕਰਾ ਲੈਣ ਦੀ ਸਮਰਥਾ ਹੈ !



ਕਿਲਾ ਅਨੰਦਪੁਰ ਸਾਹਿਬ ਖਾਲੀ ਕਰਨਾ : 


੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ,  (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੋਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !

ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !

ਸਾਕਾ ਚਮਕੌਰ ਸਾਹਿਬ :
ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !

" ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !! " 
                                                                (ਅੰਗ-੫੫੫)


ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਹੋਰ ਵੀ ਅਨੇਕਾਂ ਜੰਗਾਂ ਫਤਿਹ ਕੀਤੀਆਂ ! ਆਪ ਜੀ ਨੇ ਔਰੰਗਜ਼ੇਬ ਦੇ ਫਰੇਬ ਨੂੰ ਜ਼ਫਰਨਾਮ ਵਿੱਚ ਕੈਦ ਕਰਦੇ ਹੋਏ ਉਸ ਨੂੰ ਝਿੰਝੋੜ ਕੇ ਰੱਖ ਦਿੱਤਾ !

ਅੰਤਿਮ ਸਮਾਂ:

ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਧਾਹ ਕੇ ਉਹਨਾਂ ਨੂੰ ਨੀਹਾਂ ਵਿੱਚ ਚਿਨ ਕੇ ਸ਼ਹੀਦ ਕਰ ਦੇਣ ਵਾਲੇ ਸਰਹਿੰਦ ਸੂਬੇਦਾਰ, ਵਜੀਰ ਖਾਨ ਨੇ ਜਮਸ਼ੇਦ ਖਾਨ ਅਤੇ ਵਾਸਿਲ ਬੇਗ ਨੂ ਗੁਰੂ ਸਾਹਿਬ ਜੀ ਨੂ ਕਤਲ ਕਰ ਦੇਣ ਲਈ ਭੇਜਿਆ ! ਇਹਨਾਂ ਦੋਵਾਂ ਕਾਫਿਰਾਂ ਨੇ ਗੁਰੂ ਸਾਹਿਬ ਉੱਤੇ ਧੋਖੇ ਨਾਲ ਨੰਦੇੜ ਵਿਖੇ ਆਰਾਮ ਫਰਮਾਉਂਦੇ ਹੋਏ ਛਾਤੀ ਵਿੱਚ ਛੁਰਾ ਖੋਬ ਕੇ ਜ਼ਖਮੀ ਕਰ ਦਿੱਤਾ ! ਗੁਰੂ ਸਾਹਿਬ ਜੀ ਇਸ ਵੇਲੇ ਵੀ ਸੂਰਬੀਰਤਾ ਵਿਖਾਉਂਦੇ ਹੋਏ ਇਹਨਾਂ ਕਾਫਿਰਾਂ ਉੱਤੇ ਹਮਲਾ ਕੀਤਾ ਅਤੇ ਮਾਰ ਗਿਰਾਇਆ !

ਆਪ ਜੀ ਦਾ ਇਲਾਜ ਵੱਡੇ ਵੱਡੇ ਵੈਦਾਂ ਨੇ ਕੀਤਾ ਪਰ ਆਪ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਂਦੇ ਹੋਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ-ਜੁਗ ਅਟਲ ਗੁਰੂ ਥਾਪਣਾ ਦਿੱਤੀ  ਅਤੇ ਸਮੂਹ ਲੋਕਾਈ ਨੂੰ ਇੱਕ ਗੁਰੂ, "ਸ਼ਬਦ-ਗੁਰੂ" ਦੇ ਲੜ ਲਗਾ ਕੇ ਨਾਂਦੇੜ ਵਿਖੇ ੧੭੦੮ ਵਿੱਚ ਜੋਤੀ-ਜੋਤ ਸਮਾ ਗਏ !!


ਕਾਰਜਕਾਰੀ ਸੰਖੇਪ:
  •  ਆਪ ਜੀ ਨੇ ਸਮੇਂ ਦੀ ਲੋੜ ਅਨੁਸਾਰ "ਜੁਗੋ-ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਹਸਤ-ਲਿਖਿਤ ਉਤਾਰੇ ਕਰਵਾਏ !
ਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਗੁਰਮਤਿ ਦੌਰੇ ਦੌਰਾਨ 1665 ਵਿੱਚ ਅਨੰਦਪੁਰ ਸਾਹਿਬ (ਪੁਰਾਤਨ ਨਾਮ: ਚੱਕ ਨਾਨਕੀ) ਵਸਾਇਆ ਅਤੇ 1672 ਵਿੱਚ ਆਪ ਜੀ ਨੇ  (ਗੁਰੂ) ਗੋਬਿੰਦ ਰਾਇ ਅਤੇ ਮਾਤਾ ਗੂਜਰੀ ਜੀ ਨੂੰ ਵੀ ਓਥੇ ਹੀ ਬੁਲਾ ਲਿਆ ! ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਚੰਦ ਜੀ ਕੋਲੋਂ "ਪੰਜਾਬੀ" ਭਾਸ਼ਾ ਦੀ ਵਿੱਦਿਆ ਹਾਸਿਲ ਕੀਤੀ ਅਤੇ ਕਾਜ਼ੀ ਪੀਰ ਮੁਹੰਮਦ ਸਾਹਿਬ ਜੀ ਕੋਲੋਂ ਫ਼ਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ !
  • ਧਰਮ ਅਤੇ ਮਨੁੱਖਤਾ ਦੇ ਬੇਜੋੜ ਉਪਾਸਕ ਸਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ !
  • ਜਿਸ ਧਰਮ ਰੂਪੀ ਮਹੱਲ "ਨਿਰਮਲ ਪੰਥ" ਦੀ ਬੁਨਿਆਦ ਜਗਤ ਗੁਰੂ "ਗੁਰੂ ਨਾਨਕ ਸਾਹਿਬ ਜੀ" ਨੇ ਰੱਖੀ ਸੀ ਅਤੇ ਜਿਸ ਦੀਆਂ ਨੀਹਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਹੋਰਨਾਂ ਅਨੇਕਾਂ ਸਿੰਘਾਂ ਨੇ ਮਹਾਂ ਸ਼ਹੀਦੀਆਂ ਦੀ ਰੱਤ ਪਾ ਕੇ ਇਸ ਨੂੰ ਮਜਬੂਤੀ ਬਖਸ਼ੀ ਸੀ , ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ "ਖਾਲਸਾ" ਸਾਜ ਕੇ ਸੰਪੂਰਨਤਾ ਬਖਸ਼ੀ !
  • ਗੁਰੂ ਸਾਹਿਬ ਨੇ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾਂ ਦੀ ਰੱਖਿਆ ਕਰਨ ਹਿੱਤ ਭਾਰੀ ਜੱਦੋ-ਜਹਿਦ ਕੀਤੀ ! ਅਨੇਕਾਂ ਜੰਗਾਂ ਲੜੀਆਂ ਅਤੇ ਫਤਿਹ ਹਾਸਿਲ ਕੀਤੀ !
  • ੯ ਸਾਲ ਦੀ ਉਮਰ ਵਿੱਚ ਆਪ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਰਾਖੀ ਵਾਸਤੇ ਪਿਤਾ-ਗੁਰੂ ਨੂੰ ਦਿੱਲੀ ਵਿਖੇ ਸ਼ਹਾਦਤ ਲਈ ਪ੍ਰੇਰਿਆ !
  • ਆਪ ਜੀ ਨੇ ਦੱਬੀ ਕੁਚਲੀ ਜਾਂਦੀ ਲੋਕਾਈ ਨੂੰ ਇੱਕ ਕਰਨ ਹਿੱਤ ੧੬੯੯ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ! 
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਅਤੇ ਸੂਰਬੀਰਤਾ ਵਾਹ-ਵਾਹ ਦੇ ਯੋਗ ਹੈ ਸਿਰਫ ਇਸ ਲਈ ਨਹੀਂ ਕਿ ਆਪ ਜੀ ਨੇ ਆਪਣੇ ਹੀ ਚੇਲਿਆਂ ਪਾਸੋਂ ਖੰਡੇ-ਬਾਟੇ ਦੀ ਪਾਹੁਲ ਛਕੀ ਯਾ ਫਿਰ ਆਪ ਜੀ ਨੇ ਆਪਣੀ ਉਮੱਤ ਦੀ ਖੁਦਾ ਪਾਸ ਸਿਫ਼ਾਰਿਸ਼ ਕਰਨ ਦਾ ਜ਼ਿੰਮਾ ਲਿਆ, ਸਗੋਂ ਆਪ ਜੀ ਦੀ ਉਸਤਤ ਇਸ ਕਰ ਕੇ ਹੈ ਕਿਓਂਕਿ ਆਪ ਜੀ ਨੇ ਕੀਟਾਂ ਨੂੰ ਸਿੰਘਾਸਨ ਉੱਤੇ ਬਿਠਾਇਆ ਅਤੇ ਮੈਲੈ-ਕੁਚੈਲੇ ਅਤੇ ਡਿੱਗੀਆਂ-ਢੱਠਿਆਂ ਨੂੰ ਗੁਰੂ ਗੋਬਿੰਦ ਬਣਾਇਆ ! ਮਨੁੱਖ ਦੀ ਬਾਹਰਲੀ ਜੋਤ ਨੂੰ ਜਗਾ ਕੇ ਸੰਸਾਰ ਦੇ ਅੰਧਿਆਰ ਨੂੰ ਚਾਨਣ ਕਰਨ ਵਾਲੇ ਸਨ ਕਲਗੀਧਰ ਦਸਮੇਸ਼ ਪਿਤਾ !
ਇੱਕ ਮਹਾਂ ਸਖਸ਼ਿਅਤ, ਰੂਹਾਨੀਅਤ ਦੇ ਰਹਿਬਰ ਸਨ ਗੁਰੂ ਸਾਹਿਬ ਜਿੰਨਾ ਪੁੱਤਰਾਂ ਨੂੰ ਕੌਮ ਤੌ ਵਾਰ ਕਿਹਾ ,


"ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ !!

ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ !!"


ਆਪਣਾ ਸਰਬੰਸ ਵਾਰ ਕੇ ਵੀ ਬਾਦਸ਼ਾਹ-ਦਰਵੇਸ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਅਕਾਲ-ਪੁਰਖ ਦੀ ਹੀ ਉਸਤਤ ਕੀਤੀ ! ਸੋ ਸਾਨੂੰ ਵੀ ਗੁਰੂ ਜੀ ਦੇ ਦਰਸਾਏ ਸਾਂਝੀ-ਵਾਲਤਾ ਦੇ ਪੈਗਾਮ ਨੂੰ ਅੱਗੇ ਲਈ ਕੇ ਜਾਂਦੇ ਹੋਏ ਕਥਨੀ ਅਤੇ ਕਰਨੀ ਦੇ ਸੂਰੇ ਬਣਨਾ ਚਾਹੀਦਾ ਹੈ !
      

Saturday, December 24, 2011

ਸਾਹਿਬਜ਼ਾਦਾ ਜੋਰਾਵਰ ਸਿੰਘ ਜੀ

ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
(1696 -1705 )

ਬਾਦਸ਼ਾਹ ਦਰਵੇਸ, ਕਲਗੀਧਰ ਦਸਮੇਸ਼ ਪਿਤਾ "ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਦੇ ਤੀਸਰੇ ਪੁੱਤਰ "ਸਾਹਿਬਜ਼ਾਦਾ ਜੋਰਾਵਰ ਸਿੰਘ ਜੀ" ਦਾ ਜਨਮ ਆਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ 1696 ਵਿੱਚ ਹੋਇਆ ! 



 ਆਪ ਜੀ ਨੂੰ ਕੇਵਲ 9 ਸਾਲ ਦੀ ਉਮਰ ਵਿੱਚ ਹੀ ਆਪਣੇ ਛੋਟੇ ਭਰਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਨਾਲ ਮੁਗਲ ਹਾਕਮ- ਵਜੀਰ ਖਾਨ ਵੱਲੋ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ! ਆਪ ਜੀ ਨੇ ਹੱਸਦੇ, ਮੁਸਕੁਰਾਉਂਦੇ ਹੋਏ ਸ਼ਹੀਦੀ ਦਾ ਜਾਮ ਪੀਤਾ ਪਰ ਸਿੱਖੀ-ਸਿਦਕ ਤੋਂ ਨਹੀਂ ਡੋਲੇ !


ਸਾਕਾ ਸਰਹਿੰਦ :

(ਔਰੰਗਜ਼ੇਬ ਦੇ ਧੋਖੇ ਤੋ ਅਣਜਾਣ) ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਕ਼ੈਦ ਕੀਤੇ ਸਿੰਘਾਂ ਨੂੰ ਆਜ਼ਾਦ ਕਰ  ਦੇਣ ਦੀ ਕੀਮਤ ਵਜੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਮੰਗ ਕੀਤੀ ਤਾਂ ਗੁਰੂ ਸਾਹਿਬ ਪਰਿਵਾਰ ਸਮੇਤ ਓਥੋਂ ਰਵਾਨਾ ਹੋ ਗਏ ਪਰ ਉਹ ਅਜੇ ਸਿਰਸਾ ਨਦੀ ਤੇ ਹੀ ਪਹੁੰਚੇ ਸਨ ਕਿ ਮੁਗਲ ਫੌਜ ਨੇ ਹਮਲਾ ਕਰ ਦਿੱਤਾ ! ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ !


ਛੋਟੇ ਸਾਹਿਬਜ਼ਾਦੇ ਮਾਤਾ ਗੂਜਰੀ ਜੀ ਸੰਗ ਗੁਰੂ-ਘਰ ਦੇ ਲਾਂਗਰੀ, ਗੰਗੂ, ਨਾਲ ਉਸ ਦੇ ਘਰ ਠਹਿਰੇ !

ਗੰਗੂ ਬ੍ਰਾਹਮਣ ਨੇ ਪੈਸੇ ਦੇ ਲਾਲਚ ਵਿੱਚ ਗੁਰੂ-ਘਰ ਨਾਲ ਵੈਰ ਕਮਾਉਂਦੇ ਹੋਏ ਮਾਤਾ ਗੁਜਰੀ ਜੀ ਅਤੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ, ਵਜੀਰ ਖਾਨ ਹਵਾਲੇ ਕਰ ਦਿੱਤਾ ! ਆਪ ਜੀ ਨੂੰ ਠੰਡੇ ਬੁਰਜ ਵਿੱਚ ਕਈ ਦਿਨ ਰੱਖਿਆ ਗਿਆ !



ਵਜ਼ੀਰ ਖਾਨ ਨੇ ਉਹਨਾਂ ਉੱਤੇ ਅਨੇਕਾਂ ਜ਼ੁਲਮ ਢਾਹੇ ਅਤੇ ਅਨੇਕਾਂ ਹੀ ਲਾਲਚ ਦਿੱਤੇ ਕਿ ਉਹ ਸਿੱਖੀ ਦਾ ਤਿਆਗ ਕਰ ਕੇ ਇਸਲਾਮ ਧਾਰ ਲੈਣ ਪਰ ਗੁਰੂ ਕੇ ਸਿੱਖ ਸ਼ਹੀਦ ਹੋ ਜਾਣਾ ਜਿਆਦਾ ਪਸੰਦ ਕੀਤਾ ! ਗੁਰੂ ਦੇ ਲਾਲਾਂ ਨੇ ਵੀ ਵੀ ਸ਼ਹੀਦੀ ਦਾ ਜਾਮ ਪੀਣਾ ਹੀ ਕਬੂਲ ਕੀਤਾ !

ਇਸ ਪ੍ਰਕਾਰ, 1705 ਵਿੱਚ  ਵਜ਼ੀਰ ਖਾਨ ਦੇ ਹੁਕਮਾਂ ਅਨੁਸਾਰ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ! ਇਨ੍ਹਾ ਹੀ ਕਹਿਰ ਨਹੀਂ ਢਾਹਿਆ ਵਜੀਰ ਖਾਨ ਨੇ ਬਲਕਿ ਜਿੱਥੇ ਕਿਤੇ ਕੋਈ ਸਰੀਰ ਦਾ ਅੰਗ ਨੀਹਾਂ ਦੇ ਵਿਚਾਲੇ ਆਉਂਦਾ ਸੀ, ਉਸਨੂੰ ਕੱਟ ਦੇਣ ਦਾ ਹੁਕਮ ਦਿੱਤਾ !






ਗੁਰੂ ਕੇ ਲਾਲਾਂ ਦੇ ਸ਼ਹਾਦਤ ਪਾ ਜਾਣ ਬਾਅਦ "ਮਾਤਾ ਗੁਜਰ ਕੌਰ ਜੀ ਵੀ ਜੋਤੀ-ਜੋਤ ਸਮਾਂ ਗਏ !

ਸਰਹਿੰਦ ਦੇ ਸ਼ਾਹੂਕਾਰ "ਦੀਵਾਨ ਟੋਡਰ ਮੱਲ ਜੀ" ਨੇ ਨਵਾਬ ਵਜੀਰ ਖਾਨ ਕੋਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ  ਦਾ ਸੰਸਕਾਰ ਕਰਨ ਦੀ ਤਾਂਘ ਪ੍ਰਗਟਾਈ ਤਾਂ ਨਵਾਬ ਨੇ ਆਪਣੀ ਕੂੜ-ਮਤ ਦਾ ਪ੍ਰਗਟਾਵਾ ਕਰਦੇ ਹੋਏ ਦੀਵਾਨ ਜੀ ਨੂੰ ਜ਼ਮੀਨ ਦਾ ਮੁੱਲ ਸੋਨੇ ਦੀਆਂ ਮੋਹਰਾਂ ਵਿਛਾ ਕੇ ਪਾਉਣ ਲਈ ਕਿਹਾ ! ਦੀਵਾਨ ਸਾਹਿਬ, ਗੁਰੂ ਪਿਆਰ ਵਿੱਚ ਇੰਨੇ ਭਿੱਜੇ ਹੋਏ ਸਨ ਕਿ ਨਿਰ-ਸੰਕੋਚ ਨਵਾਬ ਦੀ ਸ਼ਰਤ ਮੰਨਦੇ ਹੋਏ ਜ਼ਮੀਨ ਦਾ ਮੁੱਲ ਪਾਇਆ ਗਿਆ ! ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆ ਕਰਕੇ ਕੁੱਲ (ਤਕਰੀਬਨ) ੭੮੦੦ ਸੋਨੇ ਦੀਆਂ ਮੁਹਰਾਂ ਦੇ ਕੇ ਤਕਰੀਬਨ ਸਾਢ਼ੇ ਤਿੰਨ ਗੱਜ ਦੀ ਜ਼ਮੀਨ ਲਈ !

ਇਸ ਉਪਰੰਤ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ !

ਇਸ ਸਥਾਨ ਉੱਤੇ ਗੁਰੂਦਵਾਰਾ ਜੋਤੀ-ਸਰੂਪ ਸਾਹਿਬ ਸੁਸ਼ੋਭਿਤ ਹਨ !



ਇੰਨੇ ਮਹਾਨ ਸਨ ਗੁਰੂ ਕੇ ਲਾਲ ਜਿੰਨ੍ਹਾ ਨੇ ਸਿੱਖ ਦੇ ਸਿਰ ਉੱਤੇ ਦਸਤਾਰ ਕਾਇਮ ਰੱਖਣ ਸਦਕਾ, ਆਪਣਾ- ਆਪ ਕੌਮ ਉੱਤੇ ਵਾਰ ਦਿੱਤਾ ਪਰ ਸਿੱਖੀ ਸਿਦਕ ਨਹੀਂ ਡੋਲਣ ਦਿੱਤਾ !




ਪਰ ਅੱਜ ਸਿੱਖ ਇਹ ਸਾਰੀ ਸ਼ਹਾਦਤ ਅਤੇ ਕੁਰਬਾਨੀ ਭੁਲਾ ਕੇ ਕੁਮਤ ਕਮਾਉਣ ਵਿੱਚ ਲੱਗਾ ਹੋਇਆ ਹੈ !

ਆਓ ਗੁਰੂ ਦੇ ਲਾਲਾਂ ਵਾਂਗ ਅਸੀਂ ਵੀ ਸਿੱਖੀ ਵਿੱਚ ਨਿਪੁੰਨ ਹੋਣ ਦਾ ਉਪਰਾਲਾ ਕਰੀਏ !



ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ...

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ....

Tuesday, December 20, 2011

ਭਾਈ ਜੀਵਨ ਸਿੰਘ: "ਭਾਈ ਜੈਤਾ ਜੀ"

ਭਾਈ ਜੀਵਨ ਸਿੰਘ: "ਭਾਈ ਜੈਤਾ ਜੀ"(1649 -1705 )


ਭਾਈ ਸਦਾ ਨੰਦ ਜੀ ਦੇ ਘਰ 1661 ਵਿੱਚ ਪਟਨਾ ਸਾਹਿਬ ਵਿਖੇ "ਭਾਈ ਜੈਤਾ ਜੀ" ਨੇ ਜਨਮ ਲਿਆ ! 
ਆਪ ਜੀ ਦਾ ਨਾਮ ਪਿਤਾ ਜੀ ਨੇ ਭਾਈ ਜੀਵਨ ਸਿੰਘ ਰੱਖਿਆ ਸੀ ਪਰ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਆਪ ਜੀ ਨੂੰ ਜੈਤਾ ਨਾਮ ਦਿੱਤਾ ! ਆਪ ਜੀ ਦੇ ਮਾਤਾ ਜੀ ਦਾ ਨਾਮ - ਬੀਬੀ ਪ੍ਰੇਮੋ ਸੀ !
1665 ਵਿੱਚ ਗੁਰੂ ਸਾਹਿਬ ਮਾਤਾ ਗੂਜਰੀ ਜੀ ਨੂੰ ਪਟਨਾ ਸਾਹਿਬ ਵਿਖੇ ਹੀ ਛੱਡ ਕੇ ਗੁਰਮਤਿ ਪ੍ਰਚਾਰ ਹਿੱਤ ਰਵਾਨਾ ਹੋ ਗਏ ! ਸਾਹਿਬਜ਼ਾਦਾ ਗਬਿੰਦ ਰਾਇ ਜੀ ਦਾ ਜਨਮ 1666 ਵਿੱਚ ਹੋਇਆ! ਉਸ ਸਮੇਂ ਵੀ ਗੁਰੂ ਸਾਹਿਬ ਗੁਰਮਤਿ ਦੌਰੇ ਤੇ ਹੀ ਸਨ !

ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਅ ਚੁੱਕੇ ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਕੋਲ ਉਹਨਾਂ ਦੇ ਧਰਮ ਦੀ ਰਾਖੀ ਦੀ ਅਰਜੋਈ ਕੀਤੀ ਅਤੇ ਗੁਰੂ ਜੀ ਨੇ ਦਿੱਲੀ ਵਿਖੇ ਕੂਚ ਕੀਤਾ ! ਆਪ ਜੀ ਨੇ ਔਰੰਗਜ਼ੇਬ ਨਾਲ ਨਿਮਰਤਾ ਸਹਿਤ ਵਾਰਤਾ ਕੀਤੀ ਕਿ ਧਰਮ ਦੇ ਨਾਮ ਤੇ ਜ਼ੁਲਮ ਕਰਨਾ ਉਚਿੱਤ ਨਹੀਂ ਪਰ ਔਰੰਗਜ਼ੇਬ ਨੇ ਗੁਰੂ ਸਾਹਿਬ ਉੱਤੇ ਅਨੇਕਾ ਤਸੀਹੇ ਢਾਹੇ ਅਤੇ ਗੁਰੂ ਸਾਹਿਬ ਜੀ ਨੂ ਚਾਂਦਨੀ ਚੋਂਕ ਵਿਖੇ ਸ਼ਹੀਦ ਕੀਤਾ ਗਿਆ ! ਇਹ ਸਾਰਾ ਖੂਨੀ ਸਾਕਾ ਭਾਈ ਜੈਤਾ ਜੀ ਨੇ ਆਪਣੇ ਅੱਖੀਂ ਵੇਖਿਆ ਸੀ ! ਬੜੀ ਹੀ ਸੂਰਬੀਰਤਾ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਭਾਈ ਜੈਤਾ ਜੀ "ਗੁਰੂ ਸਾਹਿਬ ਜੀ" ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਪੁੱਜੇ !

ਗੁਰੂ ਪਿਆਰ ਵਿੱਚ ਭਿੱਜੇ ਭਾਈ ਜੈਤਾ ਜੀ ਨੂੰ " ਗੁਰੂ ਗੋਬਿੰਦ ਸਾਹਿਬ ਜੀ" ਨੇ ਰੰਗਰੇਟੇ ਗੁਰੂ ਕੇ ਬੇਟੇ ਨਾਮ ਨਾਲ ਨਿਵਾਜਿਆ !

ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਅਨੇਕਾਂ ਜੰਗਾਂ ਵਿੱਚ ਸਾਥ ਦਿੱਤਾ ! ਆਪ ਜੀ ਚਮਕੌਰ ਦੀ ਜੰਗ ਵੇਲੇ ਵੀ ਗੁਰੂ ਸਾਹਿਬ ਦੇ ਨਾਲ ਹੀ ਸਨ ! ਆਪ ਜੀ ਨੇ ਬੜੀ ਹੀ ਸੂਰਬੀਰਤਾ ਨਾਲ ਇਸ ਜੰਗ ਵਿੱਚ ਯੋਗਦਾਨ ਪਾਇਆ ! ਭਾਈ ਜੈਤਾ ਜੀ ਨੂੰ ਚਮਕੌਰ ਦੀ ਗੜੀ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਈ ਤੋਹਫ਼ੇ ਦੇ ਕੇ ਨਿਵਾਜਿਆ ਅਤੇ ਆਪਣੀ ਕਲਗੀ ਵੀ ਭੇਟ ਕੀਤੀ ਅਤੇ ਗੜੀ ਨੂੰ ਆਪ ਜੀ ਸੌੰਪ ਕੇ ਅੱਗੇ ਰਵਾਨਾ ਹੋਏ ! ਭਾਈ ਜੈਤਾ ਜੀ ਨੇ ਬੜੀ ਹੀ ਦਲੇਰੀ ਨਾਲ ਮੁਗਲ ਫੌਜ ਦਾ ਮੁਕਾਬਲਾ ਕੀਤਾ ! ਆਪ ਜੀ ਨੇ ਆਪਣੇ ਆਖਰੀ ਸਾਹਾਂ ਤੱਕ ਸੂਰਬੀਰਤਾ ਨਾਲ ਜੰਗੀ ਪੱਧਰ ਤੇ ਦੁਸ਼ਮਨ ਦਾ ਮੁਕਾਬਲਾ ਕੀਤਾ ਅਤੇ ਅੰਤ ਸ਼ਹੀਦੀ ਪਾ ਗਏ !
.
ਭਾਈ ਜੈਤਾ ਜੀ ਦੇ ਸ਼ਹੀਦੀ ਸਥਾਨ ਉੱਤੇ ਆਪ ਜੀ ਦੀ ਯਾਦ ਵਿੱਚ "ਗੁਰੂਦਵਾਰਾ ਬੁਰਜ ਸਾਹਿਬ" ਸੁਸ਼ੋਭਿਤ ਹਨ!  ਇਸ ਅਸਥਾਨ ਉੱਤੇ ਬੀਬੀ ਸ਼ਰਣ ਕੌਰ ਜੀ ਨੇ ਭਾਈ ਜੈਤਾ ਜੀ ਦਾ ਸੰਸਕਾਰ ਕੀਤਾ ਸੀ !




ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਜੀ,

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!

ਸਾਹਿਬਜ਼ਾਦਾ ਜੂਝਾਰ ਸਿੰਘ ਜੀ

ਸਾਹਿਬਜ਼ਾਦਾ ਜੂਝਾਰ ਸਿੰਘ ਜੀ
(1691–1705)

ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ "ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਦੇ ਦੂਜੇ ਸਪੁੱਤਰ ਸਨ !

ਮੁਘ੍ਲਾਂ ਦੇ ਜੁਲਮਾਂ ਅਤੇ ਕੂੜ-ਪ੍ਰਚਾਰ ਦਾ ਅੰਤ ਕਰਨ ਹਿੱਤ ਹੋ ਰਹੇ ਜੰਗੀ ਹਾਲਾਤਾਂ ਦੌਰਾਨ 1691 ਵਿੱਚ ਸਾਹਿਬਜ਼ਾਦਾ ਜੂਝਾਰ ਸਿੰਘ ਜੀ ਦਾ ਜਨਮ; ਅਨੰਦਪੁਰ ਸਾਹਿਬ ਦੀ ਸੁਭਾਗ ਧਰਤੀ ਉੱਤੇ ਹੋਇਆ ! 

ਆਪ ਜੀ ਬਚਪਨ ਤੋਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਂਗ ਸ਼ਸਤਰ ਵਿਦਿਆ, ਘੋੜ ਸਵਾਰੀ, ਤੀਰ ਅੰਦਾਜੀ ਅਤੇ ਧਾਰਮਿਕ ਵਿਦਿਆ ਵਿੱਚ ਬਹੁਤ ਨਿਪੁੰਨ ਸਨ ।

ਸਾਹਿਬਜ਼ਾਦਾ ਜੂਝਾਰ ਸਿੰਘ ਜੀ ਵੀ ਆਪਣੇ ਜੀਵਨ ਕਾਲ ਦੇ ਆਰੰਭ ਤੋਂ ਹੀ ਸਿਖੀ-ਸਿਦਕ ਵਿੱਚ ਨਿਪੁੰਨ  " ਸ਼੍ਰੀ ਗੁਰੂ ਅਰਜਨ ਸਾਹਿਬ ਜੀ" ਅਤੇ "ਗੁਰੂ ਤੇਗ ਬਹਾਦੁਰ ਸਾਹਿਬ ਜੀ" ਦੇ ਜੀਵਨ ਕਿੱਸੇ ਸੁਣ-ਸੁਣ ਕੇ ਵੱਡੇ ਹੋਏ ਸਨ ਸੋ ਆਪ ਜੀ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਦੀ ਜੰਗ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ !

ਸਾਕਾ ਚਮਕੌਰ ਸਾਹਿਬ :-

੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ,  (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ  ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੌਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !

ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !


ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !


" ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !! " 
                                                                (ਅੰਗ-੫੫੫)

ਜਿਸ ਜਗ੍ਹਾ ਸਾਹਿਬਜ਼ਾਦਾ ਅਜੀਤ ਜੀ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ ਜੀ ਸ਼ਹੀਦ ਹੋਏ ਸਨ ਓਥੇ ਇਸ ਸਮੇਂ "ਗੁਰੂਦੁਆਰਾ ਕਤਲਗੜ ਸਾਹਿਬ" ਸੁਸ਼ੋਭਿਤ ਹੈ !









ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਜੀ,

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!

ਸਾਹਿਬਜ਼ਾਦਾ ਅਜੀਤ ਸਿੰਘ ਜੀ

ਸਾਹਿਬਜ਼ਾਦਾ  ਅਜੀਤ  ਸਿੰਘ ਜੀ

(1687–1705)


ਸਾਹਿਬਜਾਦਾ ਅਜੀਤ ਸਿੰਘ ਜੀ, ਦਸਮੇਸ਼ ਪਿਤਾ "ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਦੇ ਸਭ ਤੋਂ ਵੱਡੇ ਸਪੁੱਤਰ ਸਨ ! ਆਪ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ।
ਆਪ ਜੀ ਦੀ ਸ਼ਸਤਰ ਵਿਦਿਆ ਦੀ ਸਿਖਲਾਈ ਅਤੇ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ।
ਘੋੜ ਸਵਾਰੀ, ਸ਼ਸਤਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਹੁਤ ਨਿਪੁੰਨ ਸਨ ।

ਸਾਹਿਬਜ਼ਾਦਾ ਜੀ ਆਪਣੇ ਜੀਵਨ ਕਾਲ ਦੇ ਆਰੰਭ ਤੋਂ ਹੀ ਸਿਖੀ-ਸਿਦਕ ਵਿੱਚ ਨਿਪੁੰਨ  " ਸ਼੍ਰੀ ਗੁਰੂ ਅਰਜਨ ਸਾਹਿਬ ਜੀ" ਅਤੇ "ਗੁਰੂ ਤੇਗ ਬਹਾਦੁਰ ਸਾਹਿਬ ਜੀ" ਦੇ ਜੀਵਨ ਕਿੱਸੇ ਸੁਣ-ਸੁਣ ਕੇ ਵੱਡੇ ਹੋਏ ਸਨ ਸੋ ਆਪ ਜੀ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਈ ਜੰਗਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ !


ਆਪ ਜੀ ਦੁਆਰਾ ਲੜ੍ਹੀਆਂ ਗਈਆਂ ਜੰਗਾਂ ਦਾ ਵੇਰਵਾ:

ਨੂਹ ਰੰਘੜ  ਦੀ ਜੰਗ:-

ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ, ਸੰਗਤ ਦੇ ਇੱਕ ਟੋਲੇ ਨੂੰ ਪੋਠੋਹਾਰ ਵਿੱਖੇ, ਨੂਹ ਰੰਘੜ ਨੇ ਆਣ ਲੁੱਟਿਆ ! ਜਦ  ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ  (੧੨ ਸਾਲ ਦੀ ਓੁਮਰ ਵਿੱਚ) ਉਸ ਕੂਕਰ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ ! ਸਾਹਿਬਜ਼ਾਦਾ ਅਜੀਤ ਸਿੰਘ ਜੀ ੧੦੦ ਸਿੰਘਾਂ ਦੇ ਜੱਥੇ ਸਮੇਤ ਰਵਾਨਾ ਹੋਏ ਅਤੇ ਜਿੱਤ ਹਾਸਿਲ ਕਰ ਕੇ ਪਰਤੇ !


ਤਾਰਾਗੜ, ਨਿਰਮੋਹਗੜ ਦੀ ਜੰਗ:-

ਆਨੰਦਪੁਰ ਸਾਹਿਬ ਦੇ ਹਮਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਅਤੇ ਨਿਰਮੋਹਗੜ ਦੇ ਕਿਲੇ ਦੀ ਜ਼ਿੰਮੇਦਾਰੀ ਸੌੰਪੀ ਗਈ ! ਆਪ ਜੀ ਨੇ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਮੁਘਲਾਂ ਦੀਆਂ ਫੌਜਾਂ ਨੂੰ ਮਾਰ ਭਜਾਇਆ ! ਇਹ ਵਾਰਤਾ ੧੭੦੦ ਦੀ ਹੈ !


ਸਾਕਾ ਚਮਕੌਰ ਸਾਹਿਬ :-

੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ,  (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ  ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੌਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !

ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !


ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !


" ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !! " 
                                                                (ਅੰਗ-੫੫੫)

ਜਿਸ ਜਗ੍ਹਾ ਸਾਹਿਬਜ਼ਾਦਾ ਅਜੀਤ ਜੀ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ ਜੀ ਸ਼ਹੀਦ ਹੋਏ ਸਨ ਓਥੇ ਇਸ ਸਮੇਂ "ਗੁਰੂਦੁਆਰਾ ਕਤਲਗੜ ਸਾਹਿਬ" ਸੁਸ਼ੋਭਿਤ ਹੈ !







 ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਜੀ,

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!

Sunday, December 11, 2011

ਸਾਹਿਬਜ਼ਾਦਾ ਫਤਿਹ ਸਿੰਘ ਜੀ ...

ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ 1699 ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸਮੇਸ਼ ਪਿਤਾ "ਗੁਰੂ ਗੋਬਿੰਦ ਸਿੰਘ ਸਾਹਿਬ ਜੀ" ਦੇ ਘਰ ਹੋਇਆ !

ਆਪ ਜੀ ਗੁਰੂ ਸਾਹਿਬ ਜੀ ਦੇ ਸਭ ਤੋਂ ਛੋਟੇ ਪਰ ਸੂਰਬੀਰ ਪੁੱਤਰ ਸਨ ! ਆਪ ਜੀ ਨੇ ਕੇਵਲ 7 ਸਾਲ ਦੀ ਉਮਰ ਵਿੱਚ ਹੀ ਆਪਣੇ ਵੱਡੇ ਭਰਾ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਮੇਤ ਮੁਗਲ ਹਾਕਮ- ਵਜੀਰ ਖਾਨ ਵੱਲੋ ਨੀਹਾਂ ਵਿੱਚ ਚਿਣਵਾ ਕੇ ਸ਼ਹੀਦੀ ਦਾ ਜਾਮ ਪੀਤਾ ਪਰ ਸਿੱਖੀ-ਸਿਦਕ ਤੋਂ ਨਹੀਂ ਡੋਲੇ !

(ਔਰੰਗਜ਼ੇਬ ਦੇ ਧੋਖੇ ਤੋ ਅਣਜਾਣ) ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਕ਼ੈਦ ਕੀਤੇ ਸਿੰਘਾਂ ਨੂੰ ਆਜ਼ਾਦ ਕਰ  ਦੇਣ ਦੀ ਕੀਮਤ ਵਜੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਮੰਗ ਕੀਤੀ ਤਾਂ ਗੁਰੂ ਸਾਹਿਬ ਪਰਿਵਾਰ ਸਮੇਤ ਓਥੋਂ ਰਵਾਨਾ ਹੋ ਗਏ ਪਰ ਉਹ ਅਜੇ ਸਿਰਸਾ ਨਦੀ ਤੇ ਹੀ ਪਹੁੰਚੇ ਸਨ ਕਿ ਮੁਗਲ ਫੌਜ ਨੇ ਹਮਲਾ ਕਰ ਦਿੱਤਾ ! ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ! ਛੋਟੇ ਸਾਹਿਬਜ਼ਾਦੇ ਮਾਤਾ ਗੂਜਰੀ ਜੀ ਸੰਗ ਗੁਰੂ-ਘਰ ਦੇ ਲਾਂਗਰੀ, ਗੰਗੂ, ਨਾਲ ਉਸ ਦੇ ਘਰ ਠਹਿਰੇ ! ਗੰਗੂ ਬ੍ਰਾਹਮਣ ਨੇ ਪੈਸੇ ਦੇ ਲਾਲਚ ਵਿੱਚ ਗੁਰੂ-ਘਰ ਨਾਲ ਵੈਰ ਕਮਾਉਂਦੇ ਹੋਏ ਮਾਤਾ ਗੁਜਰੀ ਜੀ ਅਤੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ, ਵਜੀਰ ਖਾਨ ਹਵਾਲੇ ਕਰ ਦਿੱਤਾ ! ਆਪ ਜੀ ਨੂੰ ਠੰਡੇ ਬੁਰਜ ਵਿੱਚ ਰਖਿਆ ਗਿਆ !

ਵਜ਼ੀਰ ਖਾਨ ਨੇ ਉਹਨਾਂ ਉੱਤੇ ਅਨੇਕਾਂ ਜ਼ੁਲਮ ਢਾਹੇ ਅਤੇ ਅਨੇਕਾਂ ਹੀ ਲਾਲਚ ਦਿੱਤੇ ਕਿ ਉਹ ਸਿੱਖੀ ਦਾ ਤਿਆਗ ਕਰ ਕੇ ਇਸਲਾਮ ਧਾਰ ਲੈਣ ਪਰ ਗੁਰੂ ਕੇ ਸਿੱਖ ਸ਼ਹੀਦ ਹੋ ਜਾਣਾ ਜਿਆਦਾ ਪਸੰਦ ਕੀਤਾ ! ਗੁਰੂ ਦੇ ਲਾਲਾਂ ਨੇ ਵੀ ਵੀ ਸ਼ਹੀਦੀ ਦਾ ਜਾਮ ਪੀਣਾ ਹੀ ਕਬੂਲ ਕੀਤਾ !

ਇਸ ਪ੍ਰਕਾਰ, 1705 ਵਿੱਚ  ਵਜ਼ੀਰ ਖਾਨ ਦੇ ਹੁਕਮਾਂ ਅਨੁਸਾਰ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ! ਇਨ੍ਹਾ ਹੀ ਕਹਿਰ ਨਹੀਂ ਢਾਹਿਆ ਵਜੀਰ ਖਾਨ ਨੇ ਬਲਕਿ ਜਿੱਥੇ ਕਿਤੇ ਕੋਈ ਸਰੀਰ ਦਾ ਅੰਗ ਨੀਹਾਂ ਦੇ ਵਿਚਾਲੇ ਆਉਂਦਾ ਸੀ, ਉਸਨੂੰ ਕੱਟ ਦੇਣ ਦਾ ਹੁਕਮ ਦਿੱਤਾ !


ਇੰਨੇ ਮਹਾਨ ਸਨ ਗੁਰੂ ਕੇ ਲਾਲ ਜਿੰਨ੍ਹਾ ਨੇ ਸਿਖ ਦੇ ਸਿਰ ਉੱਤੇ ਦਸਤਾਰ ਕਾਇਮ ਰਖਣ ਸਦਕਾ ਆਪਣਾ- ਆਪ ਕੌਮ ਉੱਤੇ ਵਾਰ ਦਿੱਤਾ ਪਰ ਸਿੱਖੀ ਸਿਦਕ ਨਹੀਂ ਡੋਲਣ ਦਿੱਤਾ !


ਪਰ ਅੱਜ ਸਿੱਖ ਇਹ ਸਾਰੀ ਸ਼ਹਾਦਤ ਅਤੇ ਕੁਰਬਾਨੀ ਭੁਲਾ ਕੇ ਕੁਮਤ ਕਮਾਉਣ ਵਿੱਚ ਲੱਗਾ ਹੋਇਆ ਹੈ !

ਆਓ ਗੁਰੂ ਦੇ ਲਾਲਾਂ ਵਾਂਗ ਅਸੀਂ ਵੀ ਸਿੱਖੀ ਵਿੱਚ ਨਿਪੁੰਨ ਹੋਣ ਦਾ ਉਪਰਾਲਾ ਕਰੀਏ !



ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ...

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ....

Wednesday, November 23, 2011

ਭਾਈ ਦਿਆਲਾ ਜੀ..

ਭਾਈ ਦਿਆਲਾ ਜੀ ਦੇ ਮੁਢਲੇ ਜੀਵਨ ਜਿਵੇਂ ਕਿ ਉਹਨਾਂ ਦੇ ਵਸੇਬੇ ਅਤੇ ਪਰਿਵਾਰ ਬਾਰੇ ਵਧੇਰੇ ਜਾਣਕਾਰੀ ਤਾਂ ਨਹੀਂ ਉਪਲਬਦ ਹੈ ਪਰ ਸਿੱਖ ਇਤਿਹਾਸ ਟੇ ਨਜ਼ਰ ਪਾਈ ਜਾਵੇ ਤਾਂ ਸਿਰਫ ਇੰਨੀਂ ਹੀ ਜਾਣਕਾਰੀ ਮਿਲਦੀ ਹੈ ਕਿ ਆਪ ਜੀ ਭਾਈ ਮਨੀ ਸਿੰਘ ਦੁੱਲਤ ਦੇ ਭਰਾ ਸਨ ਅਤੇ ਆਪ ਜੀ ਦੇ ਪਿਤਾ ਜੀ ਦਾ ਨਾਮ "ਮਾਈ ਦਾਸ ਜੀ" ਸੀ !

ਆਪ ਜੀ ਦਾ ਜੀਵਨ ਗੁਰੂ-ਘਰ ਦੀ ਸੇਵਾ ਸਿਮਰਨ ਨਾਲ ਭਰਪੂਰ ਸੀ ਅਤੇ ਆਪ ਜੀ ਸਿੱਖੀ-ਸਿਦਕ ਵਿੱਚ ਨਿਪੁੰਨ ਸਨ !

ਧੰਨ ਧੰਨ ਸਾਹਿਬ "ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ " ਦੁਆਰਾ ਕਸ਼ਮੀਰੀ ਪੰਡਿਤਾਂ ਦੇ ਓਹਨਾਂ ਉੱਤੇ ਔਰੰਗਜੇਬ ਵੱਲੋਂ ਕੀਤੇ ਜਾ ਰਹੇ ਜੁਲਮਾਂ ਨੂੰ ਠਲ ਪਾਉਣ ਖਾਤਿਰ ਕੀਤੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਦੇ ਫੈਸਲੇ ਨੂੰ ਮਨਦੇ ਹੋਏ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ ਨਾਲ "ਭਾਈ ਦਿਆਲਾ ਜੀ" ਵੀ ਰਵਾਨਾ ਹੋਏ !!

ਦਿੱਲੀ ਦੇ ਚਾਂਦਨੀ ਚੋਂਕ ਵਿੱਚ ਕੋਤਵਾਲੀ ਦੇ ਸਾਹਮਣੇ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਔਰੰਗਜੇਬ ਦੇ ਜੁਲਮ ਦੇ ਸ਼ਿਕਾਰ ਗੁਰੂ ਜੀ ਦੇ ਸਿੰਘ ਹੋਏ !

ਪਹਿਲਾਂ ਭਾਈ ਮਤੀ ਦਾਸ ਜੀ ਨੇ ਸ਼ਹੀਦੀ ਦਾ ਜਾਮ ਪੀਤਾ, ਉਪਰੰਤ ਭਾਈ ਸਤੀ ਦਾਸ ਜੀ ਨੇ ਅਤੇ ਅਖੀਰ ਵਿੱਚ "ਭਾਈ ਦਿਆਲਾ ਜੀ" ਔਰੰਗਜੇਬ ਦੇ ਜ਼ਾਲਿਮਪੁਣੇ ਦੇ ਸ਼ਿਕਾਰ ਹੋਏ !

ਆਪ ਜੀ  ਨੂੰ ਵੀ ਇਸਲਾਮ ਧਰਮ ਅਪਣਾਉਣ ਲਈ ਅਨੇਕਾਂ ਲਾਲਚ ਦਿੱਤੇ ਗਏ ਪਰ ਭਾਈ ਦਿਆਲਾ ਜੀ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਅਤੇ ਆਪਣੇ ਗੁਰੂ-ਪਿਤਾ ਦੇ ਕਥਨਾਂ ਉੱਤੇ ਪੂਰਨ ਉਤਰਦੇ ਹੋਏ ਇੱਕ ਸੱਚੇ ਗੁਰੂ ਦੇ ਸੱਚੇ ਸਿੱਖ ਵਾਂਗ ਮਰਨਾ ਕਬੂਲ ਕੀਤਾ !

ਔਰੰਗਜੇਬ ਦੇ ਦਿੱਤੇ ਲਾਲਚਾਂ ਦੀ ਨਿਖੇਦੀ ਕਰਨ ਕਰ ਕੇ ਔਰੰਗਜੇਬ ਕ੍ਰੋਧ ਨਾਲ ਭਰ ਗਿਆ ਅਤੇ ਉਸਨੇ ਆਪ ਜੀ ਨੂੰ ਉਬਲਦੇ ਪਾਣੀ ਦੇ ਦੇਗ ਵਿੱਚ ਬਿਠਾ ਕੇ ਸ਼ਹੀਦ ਕਰਨ ਦਾ ਫੁਰਮਾਨ ਜਾਰੀ ਕੀਤਾ !

ਇਸ ਪ੍ਰਕਾਰ ਭਾਈ ਸਾਹਿਬ ਜੀ ਨੂੰ ੧੬੭੫ ਵਿੱਚ ਉਬਲਦੇ ਪਾਣੀ ਦੇ ਦੇਗ ਵਿੱਚ ਜਿੰਦਾ ਬਿਠਾ ਕੇ ਸ਼ਹੀਦ ਕੀਤਾ ਗਿਆ !!

ਇਸ ਮਹਾਨ ਸਿੱਖ ਦੀ ਇਸ ਲਾਸਾਨੀ ਸ਼ਹਾਦਤ ਨੂੰ ਸਾਡਾ ਕੋਟਾਨ-ਕੋਟ ਪ੍ਰਣਾਮ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਬੇਨਤੀ ਹੈ ਕਿ ਸਾਨੂੰ ਕੂਕਰਾਂ ਨੂੰ ਵੀ ਇਸੇ ਤਰਾਂ ਸਿੱਖੀ-ਸਿਦਕ ਨਿਭਾਉਣ ਦਾ ਬਲ ਬਖਸ਼ਣ ਤਾਂ ਜੋ ਅਸੀਂ ਵੀ ਇਹਨਾਂ ਵਾਂਗ ਇੱਕ ਮਿਸਾਲ ਬਣ ਸਕੀਏ ਅਤੇ ਸਿੱਖੀ ਕੇਸਾਂ ਸੰਗ ਨਿਭਾਈਏ !!




ਹੋਇਆ ਬਿਅੰਤ ਭੁੱਲਾਂ ਦੀ ਖਿਮਾ ਜੀ,

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !! 

ਭਾਈ ਸਤੀ ਦਾਸ ਜੀ..

ਭਾਈ ਸਤੀ ਦਾਸ ਜੀ ਜਿਹਲਮ ਜ਼ਿਲੇ ਦੇ ਪਿੰਡ ਕਰਿਆਲਾ ਦੇ ਵਸਨੀਕ ਹੀਰਾ ਨੰਦ ਜੀ (ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਅਤੇ ਸੇਵਾਦਾਰ) ਦੇ ਸਪੁੱਤਰ ਸਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ !

ਆਪ ਜੀ "ਭਾਈ ਮਤੀ ਦਾਸ ਜੀ" ਦੇ ਭਰਾ ਸਨ ! ਆਪ ਜੀ ਆਪਣੇ ਪਿਤਾ ਅਤੇ ਭਰਾ ਵਾਂਗ ਹੀ ਆਪਣੇ ਜੀਵਨ ਕਾਲ ਦੇ ਮੁੱਢ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ ! ਆਪ ਜੀ ਭਾਈ ਮਤੀ ਦਾਸ ਜੀ ਨਾਲ ਦਰਗਾਹ ਮੱਲ ਦੇ ਕਿਰਤ ਕਰਦੇ ਸਨ !

ਆਪ ਜੀ ਦਾ ਵਧੇਰੇ ਜੀਵਨ ਕੀਰਤਪੁਰ ਵਿੱਖੇ ਆਪਣੇ ਭਰਾ "ਭਾਈ ਮਤੀ ਦਾਸ ਜੀ" ਦੇ ਨਾਲ ਹੀ ਬੀਤਿਆ ਅਤੇ ਜਦ "ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਕੋਲ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰਖਿਆ ਦੀ ਅਰਜੋਈ ਲੈ ਕੇ ਆਏ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਵੀ ਗੁਰੂ ਸਾਹਿਬ ਜੀ ਅਤੇ ਭਾਈ ਦਿਆਲਾ ਜੀ ਸੰਗ ਦਿੱਲੀ ਦੇ ਚਾਂਦਨੀ ਚੌਕ ਵੱਲ ਕੂਚ ਕੀਤਾ ਅਤੇ ਔਰੰਗਜ਼ੇਬ ਦੇ ਵੰਗਾਰਨ ਉੱਤੇ ਸਿੱਖੀ ਸਿਦਕ ਨਿਭਾਉਂਦੇ ਹੋਏ ਗੁਰੂ ਜੀ ਤੋਂ ਪਹਿਲਾਂ  ਸ਼ਹੀਦੀ ਪਾਈ !

ਭਾਈ ਸਤੀ ਦਾਸ ਜੀ ਨੇ ਜ਼ਾਲਿਮ ਔਰੰਗਜ਼ੇਬ ਦੇ ਜ਼ਬਰਦਸਤੀ ਲੋਕਾਂ ਨੂੰ ਤੰਗ ਕਰਕੇ ਆਪਣਾ ਧਰਮ ਬਦਲਣ ਲਈ ਕੀਤੇ ਜਾ ਰਹੇ ਜ਼ਾਲਿਮਪੁਣੇ ਦਾ ਵਿਰੋਧ ਕੀਤਾ ਅਤੇ ਆਪ ਜੀ ਨੇ ਵੀ ਸਿੱਖੀ-ਸਿਦਕ ਨੂੰ ਸਰਬ-ਉੱਤਮ ਦਸਦੇ ਹੋਏ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕੀਤਾ ਅਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ !!

ਆਪ ਜੀ ਦੇ ਵਿਰੋਧ ਨੂੰ ਵੇਖਦੇ ਹੋਏ ਔਰੰਗਜੇਬ ਨੇ ਆਪ ਜੀ ਉੱਤੇ ਅਨੇਕਾਂ ਤਸੀਹੇ ਢਾਹੇ ਅਤੇ ਅੰਤ ਵਿੱਚ ਆਪ ਜੀ ਨੂੰ ਜਿੰਦਾ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ !!


ਆਪ ਜੀ ਸ਼ਹੀਦੀ ਸਮੇਂ ਸਿਰਫ ਸਿਮਰਨ ਕਰਦੇ ਰਹੇ ਅਤੇ ਅੰਤ ਸਿੱਖੀ-ਸਿਦਕ ਨਿਭਾਉਂਦੇ ਹੋਏ ਅਕਾਲ ਜੋਤ ਰੂਪ ਵਿੱਚ ਲੀਨ ਹੋ ਗਏ !!


ਪ੍ਰਣਾਮ ਹੈ ਇਸ ਮਹਾਨ ਸ਼ਹੀਦ ਸਿੰਘ ਨੂੰ ਜਿੰਨਾ ਆਪਣਾ ਜੀਵਨ ਗੁਰੂ ਘਰ ਅਤੇ ਗੁਰੂ ਦੀ ਸਿਖਿਆ ਉੱਤੇ ਚਲਦੇ ਹੋਏ ਵਾਰ ਦਿੱਤਾ....

ਸਾਨੂੰ ਵੀ ਇਸੇ ਰਾਹ ਉੱਤੇ ਚਲਦੇ ਹੋਏ ਸਿਖੀ-ਸਿਦਕ ਵਿੱਚ ਭਰਪੂਰ ਬਣਦੇ ਹੋਏ ਗੁਰੂ ਲੜ ਲੱਗ ਸਿੱਖੀ ਭਰਪੂਰ ਜੀਵਨ ਬਤੀਤ ਕਰਨਾ ਚਾਹਿਦਾ ਹੈ ਅਤੇ ਸਮੂਹ ਲੋਕਾਈ ਲਈ ਇੱਕ ਮਿਸਾਲ ਬਣਨਾ ਚਾਹਿਦਾ ਹੈ...





ਹੋਇਆ ਬਿਅੰਤ ਭੁੱਲਾਂ ਦੀ ਖਿਮਾ ਜੀ,

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!

ਭਾਈ ਮਤੀ ਦਾਸ ਜੀ...

ਭਾਈ ਮਤੀ ਦਾਸ ਜੀ ਜਿਹਲਮ ਜ਼ਿਲੇ ਦੇ ਪਿੰਡ ਕਰਿਆਲਾ ਦੇ ਵਸਨੀਕ ਹੀਰਾ ਨੰਦ ਜੀ (ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਅਤੇ ਸੇਵਾਦਾਰ) ਦੇ ਸਪੁੱਤਰ ਸਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ! ਆਪ ਜੀ ਆਪਣੇ ਜੀਵਨ ਕਾਲ ਦੇ ਮੁੱਢ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ ! ਆਪ ਜੀ ਦਰਗਾਹ ਮੱਲ ਦੇ ਕੋਲ ਦੀਵਾਨ ਸਨ ਅਤੇ ਭਰਾ "ਭਾਈ ਸਤੀ ਦਾਸ ਜੀ" ਵੀ ਨਾਲ ਹੀ ਕਿਰਤ ਕਰਦੇ ਸਨ ! ਆਪ ਜੀ ਦਾ ਵਧੇਰੇ ਜੀਵਨ ਕੀਰਤਪੁਰ ਵਿੱਖੇ ਬੀਤਿਆ ਅਤੇ ਜਦ "ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਕੋਲ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰਖਿਆ ਦੀ ਅਰਜੋਈ ਲੈ ਕੇ ਆਏ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਵੀ ਗੁਰੂ ਸਾਹਿਬ ਜੀ ਅਤੇ ਭਾਈ ਦਿਆਲਾ ਜੀ ਸੰਗ ਦਿੱਲੀ ਦੇ ਚਾਂਦਨੀ ਚੌਕ ਵੱਲ ਕੂਚ ਕੀਤਾ ਅਤੇ ਔਰੰਗਜ਼ੇਬ ਦੇ ਵੰਗਾਰਨ ਉੱਤੇ ਸਿੱਖੀ ਸਿਦਕ ਨਿਭਾਉਂਦੇ ਹੋਏ ਗੁਰੂ ਜੀ ਤੋਂ ਪਹਿਲਾਂ  ਸ਼ਹੀਦੀ ਪਾਈ !

ਭਾਈ ਮਤੀ ਦਾਸ ਜੀ ਨੇ ਕੇਸ ਕਤਲ ਕਰਵਾ ਕੇ ਇਸਲਾਮ ਧਰਮ ਅਪਣਾਉਣ ਤੋਂ ਇਨਕਾਰੀ ਹੁੰਦੇ ਹੋਏ ਆਰੇ ਨਾਲ ਚੀਰੇ ਜਾਣਾ ਪਰਵਾਨ ਕੀਤਾ ਅਤੇ ਦਿੱਲੀ ਵਿੱਚ ਗੁਰੂ ਜੀ ਸਾਹਮਣੇ ਹੀ ਸ਼ਹੀਦੀ ਪਾਈ ! ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਆਪ ਜੀ ਨੇ ਸੀ ਨਾ ਕੀਤੀ ਅਤੇ ਸ਼ਹੀਦੀ ਸਮੇਂ ਸਿਰਫ ਸਿਮਰਨ ਕਰਦੇ ਰਹੇ !


 ਪ੍ਰਣਾਮ ਹੈ ਇਸ ਮਹਾਨ ਸ਼ਹੀਦ ਸਿੰਘ ਨੂੰ ਜਿੰਨਾ ਆਪਣਾ ਜੀਵਨ ਗੁਰੂ ਘਰ ਅਤੇ ਗੁਰੂ ਦੀ ਸਿਖਿਆ ਉੱਤੇ ਚਲਦੇ ਹੋਏ ਵਾਰ ਦਿੱਤਾ....

ਸਾਨੂੰ ਵੀ ਇਸੇ ਰਾਹ ਉੱਤੇ ਚਲਦੇ ਹੋਏ ਸਿਖੀ-ਸਿਦਕ ਵਿੱਚ ਭਰਪੂਰ ਬਣਦੇ ਹੋਏ ਗੁਰੂ ਲੜ ਲੱਗ ਸਿੱਖੀ ਭਰਪੂਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਸਮੂਹ ਲੋਕਾਈ ਲਈ ਇੱਕ ਮਿਸਾਲ ਬਣਨਾ ਚਾਹੀਦਾ ਹੈ...



ਇਸ ਮਹਾਨ ਸਿੱਖ ਸ਼ਹੀਦ ਨੂੰ ਕੋਟਾਨ-ਕੋਟ ਪ੍ਰਣਾਮ !!



ਹੋਇਆ ਬਿਅੰਤ ਭੁੱਲਾਂ ਦੀ ਖਿਮਾ ਜੀ,

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਿਹ !!

Wednesday, November 9, 2011

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ...........



ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਕਰਨ ਉਪਰੰਤ ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ ਅਤੇ ਸਭ ਪਾਸੇ ਰੁਸ਼ਨਾਈ ਫੈਲ ਗਈ:

ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ
                                                             (ਪੰਨਾ ੧੩੫੭)
ਭਾਈ ਗੁਰਦਾਸ ਜੀ ਨੇ ਇਸ ਪ੍ਰਕਾਸ਼ ਨੂੰ ਆਪਣੇ ਸ਼ਬਦਾਂ ਵਿਚ ਸੂਰਜ ਕਿਹਾ, ਕਿਉਂਕਿ ਸੂਰਜ ਦਾ ਪ੍ਰਕਾਸ਼ ਐਸਾ ਹੁੰਦਾ ਹੈ ਜਿਸ ਨਾਲ ਹਰ ਇਕ ਕੋਨੇ ਵਿਚ ਪਸਰਿਆ ਹੋਇਆ ਹਨੇਰਾ ਖੰਭ ਲਾ ਕੇ ਉਂਡ ਜਾਂਦਾ ਹੈ। ਸੂਰਜ ਦੇ ਤੇਜ਼ ਪ੍ਰਕਾਸ਼ ਨਾਲ ਹਰ ਤਰਫ਼ ਫੈਲੀ ਹੋਈ ਧੁੰਧ ਵੀ ਮਿਟ ਜਾਂਦੀ ਹੈ ॥

ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ
                    ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ
                                                                              ਵਾਰ 1; 27  
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ ॥


ਬਾਣੀ ਦੇ ਬੋਹਿਤਾ, ਇਨਸਾਨੀਅਤ ਦੇ ਰਹਿਬਰ ਅਤੇ ਕਲਿਯੁਗ ਦੇ ਤਾਰਣਹਾਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਰਾਇ ਭੋਇ ਕੀ ਤਲਵੰਡੀ ਦੀ ਸੁਭਾਗ ਧਰਤੀ ਤੇ 1469 . ਵਿੱਚ ਪ੍ਰਕਾਸ਼ ਧਾਰਿਆ l ਇਹ ਸੁਭਾਗ ਧਰਤੀ " ਨਨਕਾਣਾ ਸਾਹਿਬ " ਦੇ ਨਾਮ ਨਾਲ ਜਾਣੀ ਜਾਂਦੀ ਹੈ  ਜੋ ਕਿ ਲਾਹੋਰ ਪਾਕਿਸਤਾਨ ਵਿੱਚ ਹੈ

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਸੀ (ਆਪ ਜੀ ਇਲਾਕੇ ਦੇ ਜਿਮੀਂਦਾਰ ਰਾਇ ਬੁਲਾਰ ਦੇ ਪਟਵਾਰੀ ਸਨ)ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ
ਬੇਬੇ ਨਾਨਕੀ ਜੀ ਗੁਰੂ ਜੀ ਦੇ ਵੱਡੇ ਭੈਣ ਸਨ

ਗੁਰੂ ਨਾਨਕ ਸਾਹਿਬ ਜੀ ਦੀ ਮੁੱਢ ਤੋਂ ਹੀ ਸੁਰਤ ਅਕਾਲ ਪੁਰਖ ਦੀ ਉਸਤਤ ਲੀਨ ਰਹਿੰਦੀ ਸੀ

ਵਿਦਿਆ ਪ੍ਰਾਪਤੀ :
ਸੱਤ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਗੋਪਾਲ ਪੰਡਤ ਪਾਸ ਪੜਨੇ ਪਾਇਆ ਗਿਆ, ਆਪ ਜੀ ਆਪਣੇ ਉਸਤਾਦਾਂ ਨਾਲ ਪ੍ਰਭੁ-ਪ੍ਰੇਮ ਅਤੇ ਧਰਮ ਚਰਚਾ ਕਰਦੇ ਰਹਿੰਦੇ ਸਨ

ਜਨੇਊ ਦੀ ਰਸਮ:

ਉਸ ਸਮੇਂ ਦੀ ਰੀਤ ਅਨੁਸਾਰ ਜਦ ਗੁਰੂ ਨਾਨਕ ਸਾਹਿਬ ਜੀ ੧੦ ਸਾਲ ਦੇ ਹੋਏ ਤਾਂ ਆਪ ਜੀ ਨੂੰ ਜਨੇਊ ਪਹਿਨਾਉਣ ਦੀ ਰਸਮ ਰੱਖੀ ਗਈ ਅਤੇ ਪੰਡਤ ਹਰਦਿਆਲ ਨੂੰ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ ਪਰ ਗੁਰੂ ਸਾਹਿਬ ਜੀ ਨੇ ਜਨੇਊ ਪਹਿਨਾਉਣ ਤੋਂ ਇਨਕਾਰ ਕਰ ਦਿੱਤਾ ਜਦ ਆਪ ਜੀ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਆਪ ਜੀ ਨੇ ਆਖਿਆ ਕਿ ਇਸ ਸੂਟ ਦੇ ਧਾਗੇ (ਜਨੇਊ) ਨੂੰ ਪਾਉਣ ਦਾ ਕੋਈ ਲਾਭ ਨਹੀਂ ਹੈ, ਇਸ ਦੀ ਥਾਂ ਮਨੁੱਖ ਨੂੰ ਪ੍ਰਭੁ ਪਿਆਰ ਅਤੇ ਸਦਾਚਾਰਕ ਗੁਣਾਂ ਜਿੰਵੇ ਕਿ ਦਇਆ, ਸੰਤੋਖ, ਉਚੇ-ਸੁਚੇ ਕਿਰਦਾਰ ਦਾ ਮਾਲਕ ਬਣਨਾ ਚਾਹਿਦਾ ਹੈ ਤਾਂ ਹੀ ਮਨੁੱਖ ਦੀ ਆਤਮਾ ਪਵਿੱਤਰ ਹੋ ਸਕਦੀ ਹੈ ਅਤੇ ਉਹ ਇੱਕ ਸੱਚਾ ਧਰਮੀ ਅਖਵਾ ਸਕਦਾ ਹੈ

ਦਇਆ ਕਪਾਹ ਸੰਤੋਖੁ ਸੂਤੁ, ਜਤੁ ਗੰਢੀ ਸਤੁ ਵਟੁ !!
Make compassion the cotton, contentment the thread, modesty the knot and truth the twist.

ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘਤੁ !!
This is the sacred thread of the soul; if you have it, then go ahead and put it on me.

ਨਾ ਏਹੁ ਤੁਟੈ, ਨ ਮਲੁ ਲਗੈ, ਨਾ ਏਹੁ ਜਲੈ ਨ ਜਾਈ !!
It does not break, it cannot be soiled by filth, it cannot be burnt, or lost.

ਧੰਨ ਸੁ ਮਾਣਸ ਨਾਨਕਾ, ਜੋ ਗਾਲੀ ਚਲੇ ਪਾਇ !!
Blessed are those mortal beings, O Nanak, who wear such a thread around their necks.

ਚਉਕੜ ਮੂਲਿ ਅਣਾਇਆ ਬਹਿ ਚਉਕੈ ਪਾਇਆ !!
You buy the thread for a few shells, and seated in your enclosure, you put it on.

ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ !!
Whispering instructions into others' ears, the Brahmin becomes a guru.

ਓਹੁ ਮੁਆ ਓਹੁ ਝੜਿ ਪਇਆ ਵਤੇਗਾ ਗਇਆ !!੧!!
But he dies, and the sacred thread falls away, and the soul departs without it. ||1||

ਮ:੧ !!
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ !!
He commits thousands of robberies, thousands of acts of adultery, thousands of falsehoods and thousands of abuses.

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ !!
He practices thousands of deceptions and secret deeds, night and day, against his fellow beings.

ਤਗੁ ਕਪਾਹਹੁ ਕਤੀਐ, ਬਾਮੁਣ ਵਟੇ ਆਇ !!
The thread is spun from cotton, and the Brahmin comes and twists it.

ਕੁਹਿ ਬਕਰਾ ਰਿੰਨੀ ਖਾਇਆ, ਸਭੁ ਕੋ ਆਖੈ ਪਾਇ !!
The goat is killed, cooked and eaten, and everyone then says, ""Put on the sacred thread.""

ਹੋਇ ਪੁਰਾਣਾ ਸੁਟੀਐ, ਭੀ ਫਿਰਿ ਪਾਈਐ ਹੋਰੁ !!
When it wears out, it is thrown away, and another one is put on.

ਨਾਨਕ ਤਗੁ ਨ ਤੁਟਈ, ਜੇ ਤਗਿ ਹੋਵੈ ਜੋਰੁ !!
O Nanak, the thread would not break, if it had any real strength. ||2||
                                                                          (ਆਸਾ ਕੀ ਵਾਰ, ਅੰਗ-੪੭੧)

ਵਿਆਹ ਅਤੇ ਸੰਤਾਨ :
੧੮ ਸਾਲ ਦੀ ਉਮਰ ਵਿੱਚ ਗੁਰੁ ਸਾਹਿਬ ਜੀ ਦਾ ਵਿਆਹ ਬਟਾਲੇ ਦੇ ਬਾਬਾ ਮੂਲ ਚੰਦ ਜੀ ਦੀ ਧੀ “(ਮਾਤਾ) ਸੁਲੱਖਣੀ ਜੀ” ਨਾਲ ਹੋਇਆ ! ਆਪ ਜੀ ਦੇ ਘਰ ਦੋ ਪੁੱਤਰ ਸਨ, ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਪੈਦਾ ਹੋਏ !

ਕਾਰ-ਵਿਹਾਰ:
ਗੁਰੂ  ਸਾਹਿਬ ਜੀ ਜਿਥੇ ਪ੍ਰਭੁ-ਪ੍ਰੇਮ ਵਿੱਚ ਰੰਗੇ ਰਹਿੰਦੇ ਸਨ ਓਥੇ ਹੀ ਓਹ ਹੱਥੀ ਕਿਰਤ ਵੀ ਕਰਦੇ ਸਨ ਆਪ ਜੀ “ ਮੱਝੀਆਂ ਚਾਰਨ ”, ਹੱਟੀ-ਵਪਾਰ, ਖੇਤੀ-ਬਾੜੀ ਦਾ ਕੰਮ ਵੀ ਕਰਦੇ ਸਨ !
ਭਾਈ ਮਰਦਾਨਾ ਜੀ ਆਪ ਜੀ ਦੇ ਸੰਘੀ ਸਨ ਜਿੰਨਾ ੫੦ ਸਾਲ (ਲਗਭਗ) ਗੁਰੂ ਜੀ ਦੀ ਸੰਗਤ ਵਿਚ ਬੀਤਾਏ ! ਗੁਰੂ ਸਾਹਿਬ ਜੀ ਦਾ ਮੰਨ-ਭਾਉਂਦਾ ਸਾਜ਼ “ਰਬਾਬ” ਸੀ !

ਆਪ ਜੀ ਜੋ ਵੀ ਕੰਮ ਕਿਰਤ ਕਰਦੇ ਸਨ ਉਸ ਦੀ ਨੇਕ ਕਮਾਈ ਲੋਕਾਈ ਦੇ ਭਲੇ ਹਿੱਤ ਹੀ ਵਰਤ (ਖਰਚ) ਦਿੰਦੇ ਸਨ ਇਸ ਸੰਬੰਧ ਵਿੱਚ ਅਨੇਕਾ ਸਾਖੀਆਂ ਹਨ ਜੀ .........
ਉਹਨਾਂ ਦੀ ਇਸ ਬਿਰਤੀ ਕਾਰਣ ਕਈ ਵਾਰ ਮਹਿਤਾ ਕਾਲੂ ਜੀ ਉਹਨਾਂ ਨਾਲ ਰੋਸ ਕਰਦੇ ਸਨ ਪਰ ਰਾਇ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਉਪਾਸਕ ਸਨ ਅਤੇ ਉਹਨਾਂ ਨੇ ਗੁਰੂ ਜੀ ਨੂੰ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜੀ ਪਾਸ ਭੇਜ ਦਿੱਤਾ ਜਿਥੇ ਉਹਨਾਂ ਨੇ ਮੋਦੀਖਾਨੇ ਕੰਮ ਕੀਤਾ ਪਰ ਉੱਥੇ ਵੀ ਉਹਨਾਂ ਦਾ ਮੰਨ ਨਾ ਟਿਕਿਆ  


ਪਹਿਲਾ ਉਪਦੇਸ਼ :

ਇੱਕ  ਦਿਨ ਗੁਰੂ ਨਾਨਕ ਪਾਤਸ਼ਾਹ  ਜੀ (1499 ਵਿੱਚ) ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਓਥੇ ਹੀ ਅਲੋਪ ਹੋ ਗਏ ਅਤੇ 3 ਦਿਨ ਬਾਅਦ ਜਦੋ ਪ੍ਰਗਟ ਹੋਏ ਤੇ ਹੁਕਮ ਦਿੱਤਾ " ਨਾ ਕੋ ਹਿੰਦੂ ਨਾ ਮੁਸਲਮਾਨ......"
ਜਿਸ ਦਾ ਭਾਵ ਸੀ ਕੇ ਲੋਕੀਂ ਹਿੰਦੂ ਅਤੇ ਮੁਸਲਮਾਨ ਦੇ ਵਿਤਕਰੇ ਨੂੰ ਛਡ ਦੇਣ, ਸਾਰੀ ਖਲਕਤ ਵਿੱਚ ਖਾਲਿਕ (ਅਕਾਲ ਪੁਰਖ) ਨੂੰ  ਅਤੇ ਸਮੂਹ ਕੌਮ ਨੂੰ ਇੱਕ ਅਵੇਖਣ ਅਤੇ ਆਪਸ ਵਿੱਚ ਲੜਨ ਦੀ ਥਾਂ ਅਕਾਲ ਪੁਰਖ ਦੀ ਉਸਤਤ ਵਿੱਚ ਲੱਗਣ ਲਈ ਕਿਹਾ ਤਾਂ ਜੋ ਉਹ ਇੱਕ ਉੱਚੇ ਸੁੱਚੇ ਅਧਿਆਤਮਿਕ ਅਤੇ ਸਦਾਚਾਰਿਕ ਗੁਣਾਂ ਦੇ ਧਾਰਨੀ ਬਣ ਸਕਣ

ਅਤੇ " ਮੂਲ ਮੰਤਰ "(ਜੋ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਸੀ) ਦਿੱਤਾ ਜੋ ਆਦਿ ਗ੍ਰੰਥ ਦੀ ਅਰੰਭਿਕ ਬਾਣੀ ਹੈ


ਚੜਿਆ ਸੋਧਣ ਧਰਤ ਲੁਕਾਈ :

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ ਖਾਸ ਤੌਰ ਤੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ।  ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਮਨੁੱਖ ਆਪਣੇ ਅਸਲੀ ਵਜੂਦ ਨੂੰ ਖੋਹ ਚੁੱਕਾ ਸੀ ॥
ਧਰਮ ਦੇ ਆਗੂ ਆਪਣਾ ਧੀਰਜ ਖੋਹ ਚੁੱਕੇ ਸਨ ॥
ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ ॥

ਇਸ ਲਈ ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਕਰੜੇ ਸ਼ਬਦਾਂ ਰਾਹੀਂ ਨਿੰਦਿਆ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ
ਬ੍ਰਾਹਮਣੁ ਨਾਵੈ ਜੀਆ ਘਾਇ
ਜੋਗੀ ਜੁਗਤਿ ਨ ਜਾਣੈ ਅੰਧੁ
ਤੀਨੇ ਓਜਾੜੇ ਕਾ ਬੰਧੁ
                                                         (ਪੰਨਾ/ਅੰਗ-੬੬੨)

ਧਰਮ ਦਾ ਵਿਵਹਾਰ ਵਰਣ-ਵਿਵਸਥਾ ਵਿੱਚ ਵੰਡਿਆ ਗਿਆ ਅਤੇ ਵਰਣ-ਵਿਵਸਥਾ ਜਿਸ ਮਨੋਰਥ ਨੂ ਲੈਕੇ ਆਰੰਭ ਕੀਤੀ ਗਈ ਸੀ ਉਹ ਵਿਲੀਨ ਹੋ ਚੁੱਕੀ ਸੀ (ਭਾਵ ਧਰਮ-ਕਰਮ ਦੀ ਗਲ ਛਡ ਛੂਤ-ਛਾਤ, ਜਾਤ-ਪਾਤ ਦੇ ਵਿਤਕਰੇ ਆਦਿ ਅਨੇਕਾਂ ਕੁਰਿਹਤਾਂ ਨੇ ਵਾਸ ਕਰ ਲਿਆ ਸੀ ॥
ਸਮਾਜ ਵਿੱਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਜਾ ਰਿਹਾ ਸੀ ਅਤੇ ਨੀਵੀਂ ਕਹੀ ਜਾਣ ਵਾਲੀ ਲੋਕਾਈ ਦਾ ਜੀਵਨ ਨਰਕ ਬਣ ਗਿਆ ਸੀ ! ਉਹਨਾਂ ਦੀ ਹਾਲਤ ਦਿਨ-ਪ੍ਰਤਿਦਿਨ ਨਿਘਰਦੀ ਜਾ ਰਹੀ ਸੀ ਅਤੇ ਹਰ ਪੱਖੋਂ ਵਿਕਾਸ ਬੰਦ ਹੋ ਗਿਆ ਸੀ ॥
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਅਤੇ ਫ਼ੁਰਮਾਇਆ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
                                                  (ਪੰਨਾਂ/ਅੰਗ-੧੫)

ਗੁਰੂ ਜੀ ਨੇ ਊਚ-ਨੀਚ, ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਜਾਤ-ਪਾਤ, ਕਰਮ-ਕਾਂਡ, ਅਤੇ ਹੋਰ ਅਨੇਕਾਂ ਵਹਿਮਾਂ-ਭਰਮਾਂ, ਸ਼ੰਕਿਆਂ, ਅੰਧ-ਵਿਸ਼ਵਾਸਾਂ ਆਦਿ ਦਾ ਭੇਦ ਮਿਟਾਇਆ ਅਤੇ ਮਾਨਵਤਾ ਅਤੇ ਭਰਾਤਰੀ ਭਾਵ ਦਾ ਪ੍ਰਚਾਰ ਕਰਦੇ ਹੋਏ “ਨਿਰਮਲ ਪੰਥ” ਚਲਾਇਆ ॥
ਆਪ ਜੀ ਨੇ ਇਹਨਾਂ ਸਭ ਨੂੰ ਬਾਣੀ ਰਾਹੀਂ ਨਕਾਰਾਤਮਕ ਸਿੱਧ ਕੀਤਾ ॥

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਧਾਰਮਿਕ ਨਿਘਰਤਾ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਅਤੇ ਜਗਤ-ਜਲੰਦੇ ਨੂੰ ਠਾਰਣ ਲਈ ਅਤੇ ਮਾਨਵੀ ਚੇਤਨਾ ਨੂੰ ਜਾਗ੍ਰਿਤ ਕਰਨ ਲਈ ਤਿੰਨ ਉਦਾਸੀਆਂ ਦਾ ਇਕ ਲੰਮਾ ਪ੍ਰੋਗਰਾਮ ਉਲੀਕਿਆ ਤਾਂ ਜੋ ਜ਼ੁਲਮਾਂ ਥੱਲੇ ਦੱਬੀ ਹੋਈ ਮਨੁੱਖਤਾ ਨੂੰ ਸਾਰਥਿਕ ਜੀਵਨ-ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ।

ਸ੍ਰੀ ਗੁਰੂ ਨਾਨਕ ਸਾਹਿਬ  ਜੀ ਨੇ ਇਹਨਾਂ ਉਦਾਸੀਆਂ ਸਮੇਂ ਰੱਬੀ ਏਕਤਾ ਅਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗ੍ਰਿਤ ਕੀਤਾ, ਰਾਜਸੀ ਸਮਾਜਿਕ ਜ਼ਬਰ ਵਿਰੁੱਧ ਜਹਾਦ ਕੀਤਾ, ਰੱਤ ਪੀਣੇ ਰਾਜਿਆਂ ਨੂੰ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਕਰੜੇ ਸ਼ਬਦਾਂ ਰਾਹੀਂ ਆਲੋਚਨਾ ਕੀਤੀ:

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨ੍‍ ਬੈਠੇ ਸੁਤੇ॥
ਚਾਕਰ ਨਹਦਾ ਪਾਇਨ੍‍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
                       (ਪੰਨਾ/ਅੰਗ-੧੨੮੮)

ਉਦਾਸੀਆਂ :

ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਰਿੱਧੀਆਂ-ਸਿੱਧੀਆਂ , ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ ॥
ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰਦੇ ਹੋਏ ਉੱਚੇ-ਸੁੱਚੇ ਜੀਵਨ ਨੂੰ ਜੀਉਣ ਦੀ ਸਿੱਖਿਆ-ਦੀਖਿਆ ਦੇਂਦੇ।
ਉਦਾਹਰਣ:
 ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ।

ਪਹਿਲੀ ਉਦਾਸੀ – ਹਿੰਦੂ ਤੀਰਥਾਂ ਵੱਲ (੧੫੦੭- ੧੫੧੫ ਤੱਕ )
ਦੂਜੀ ਉਦਾਸੀ – ਸੁਮੇਰ ਪਰਬਤ ਵੱਲ (੧੫੧੭ – ੧੫੧੮ ਤੱਕ)
ਤੀਜੀ ਉਦਾਸੀ – ਇਸਲਾਮ ਦੇ ਧਰਮ –ਅਸਥਾਨਾਂ ਵੱਲ (੧੫੧੮ – ੧੫੨੧ ਤੱਕ )

ਪਹਿਲੀ ਉਦਾਸੀ ਬਹੁਤ ਲੰਮੇਰੀ ਸੀ।
ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਵਿਧੀਵਤ (ਵਿਧੀ ਅਨੁਸਾਰ) ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ ॥

ਦੂਜੀ ਉਦਾਸੀ ਦੋ-ਤਿੰਨ ਕੁ ਸਾਲ ਦੀ ਸੀ !
ਇਸ ਉਦਾਸੀ ਦੌਰਾਨ ਗੁਰੂ ਜੀ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਜੀ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ ! ਜਿਸ ਨੂ ਆਪ ਜੀ ਨੇ ਸਿਧ-ਘੋਸ਼ਤ ਵਿੱਚ ਅੰਕਿਤ ਕੀਤਾ ਹੈ ॥

ਤੀਜੀ ਉਦਾਸੀ ਗੁਰੂ ਸਾਹਿਬ ਜੀ ਨੇ ਮੁਸਲਮਾਨੀ ਤੀਰਥ ਅਸਥਾਨਾਂ ਦੀ ਕੀਤੀ ! ਆਪ ਜੀ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ ॥
ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ
ਲਾਗੇ ਹਸਨ ਅਬਦਾਲ ਪੁੱਜੇ  ਫਿਰ ਐਮਨਾਬਾਦ ਤੋਂ ਕਰਤਾਰਪੁਰ ॥

ਭਾਈ ਗੁਰਦਾਸ ਜੀ ਨੇ ਗੁਰੂ ਜੀ ਦੀ ਉਦਾਸੀ ਦਾ ਵਰਣਨ ਇਸ ਪ੍ਰਕਾਰ ਆਪਣੀ ਵਾਰ ਵਿੱਚ ਕੀਤਾ ਹੈ :-

“ ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ !!
                                     ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ !!”


ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰਸਿਖੀ ਜੀਵਨ ਵਿੱਚ ਅਨੇਕਾਂ ਪਾਪੀਆਂ ਨੂੰ ਤਾਰਿਆ, ਅਨੇਕਾਂ ਕੁਰਹਿਤਾਂ ਤੇ ਰੋਕ ਲਗਾਈ, ਦੁਨੀਆਂ ਨੂੰ ਤਾਰਦੇ ਹੋਏ  ਉਦਾਸੀਆਂ ਕੀਤੀਆਂ ਅਤੇ ਸਾਰੀ ਲੋਕਾਈ ਨੂੰ 3 ਸੁਨਹਰੀ ਉਪਦੇਸ਼ ਦਿੱਤੇ
  • ਕਿਰਤ ਕਰੋ
  • ਵੰਡ ਛਕੋ
  • ਨਾਮ ਜਪੋ

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਨੂੰ ਜਾਣਦੇ ਹੋਏ ਆਪਣੇ ਬੇਟੇ ਅਤੇ ਆਪਣੇ ਉਪਾਸਕਾਂ ਦੀ ਪ੍ਰੀਖਿਆ ਲਈ ਅਤੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਨਾਮ ਨਾਲ ਨਿਵਾਜ ਕੇ ਦੂਜੇ ਨਾਨਕ ਵਜੋਂ ਥਾਪਿਆ ਅਤੇ ਆਪ ਜੀ 1539 . ਨੂੰ ਕਰਤਾਰਪੁਰ ਦੀ ਸੁਭਾਗ ਧਰਤੀ ਤੇ ਜੋਤੀ ਜੋਤ ਸਮਾਂ ਗਏ





ਭੁੱਲ ਚੁੱਕ ਮਾਫ਼ ਕਰਨੀ ਜੀ
ਗੁਰੂ ਰੂਪ ਸਾਧ ਸੰਗਤ ਜੀ ਬਖਸ਼ਣ ਯੋਗ ਹੈ


ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕਿ ਫਤਿਹ !!