Friday, April 15, 2011

“ ਖਾਲਸਾ ਸਾਜਨਾ ਦਿਵਸ ”


                                              


                               "
ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ !! "



ਸਾਹਿਬ-ਏ-ਕਮਾਲ, ਚੋਜੀ ਪ੍ਰੀਤਮ, ਕਲਗੀਧਰ ਦਸਮੇਸ਼ ਪਿਤਾ "ਗੁਰੂ ਗੋਬਿੰਦ ਸਿੰਘ ਸਾਹਿਬ ਜੀ " ਨੇ ਗੁਰੂ ਨਾਨਕ ਸਾਹਿਬ ਜੀ ਦੇ ਅਰੰਭੇ ਹੋਏ ਸਿੱਖੀ ਦੇ ਪ੍ਰਚਾਰ ਮੁਹਿਮ " ਨਿਰਮਲ ਪੰਥ " ਨੂੰ ਇਕ ਨਵੀਂ ਸੇਧ ਬਖਸ਼ਦੇ ਹੋਏ ਸਿੱਖ ਪੰਥ ਨੂੰ ੧੬੯੯ ਵਿੱਚ ਖਾਲਸੇ ਦਾ ਰੂਪ ਬਖਸ਼ਣਾ ਕੀਤਾ ! 

ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸਿੱਖ ਸੰਗਤ ਨੂੰ ੧੬੯੯ ਦੀ ਵਿਸਾਖੀ ਵਾਲੇ ਦਿੰਨ ਆਨੰਦਪੁਰ ਸਾਹਿਬ ਇਕੱਤਰ ਹੋਣ ਦਾ ਸੁਨੇਹਾ ਭੇਜਿਆ ! ਪੰਡਾਲ ਵਿੱਚ ਸਾਜੀ, ਨੀਵਾਜੀ ਸੰਗਤ ਕੋਲ ਆ ਕੇ ਗੁਰੂ ਜੀ ਨੇ ਸਿਰ ਦੀ ਮੰਗ ਕੀਤੀ ! ਸੰਗਤ ਗੁਰੂ ਜੀ ਦੀ ਇਸ ਮੰਗ ਤੋ ਹੈਰਾਨ ਸੀ ਅਤੇ ਕੁਜ ਤਾ ਓਥੋ ਦੌੜ ਵੀ ਗਏ ! 






ਗੁਰੂ ਜੀ ਨੇ ਪੰਜ ਸੀਸ ਮੰਗੇ ਤਾਂ ਸਭ ਤੋਂ ਪਹਿਲਾਂ ਲਾਹੋਰ ਦੇ ਦਿਯਾ ਰਾਮ ਜੀ ਸਾਹਮਣੇ ਆਏ, ਗੁਰੂ ਜੀ ਉਸਨੂੰ ਲਾਗੇ ਹੀ ਸਜੇ ਇਕ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਭਿੱਜੀ  ਤਲਵਾਰ ਨਾਲ ਵਾਪਿਸ ਪਰਤੇ ਅਤੇ ਇਸੇ ਤਰਾਂ ਸੀਸ ਮੰਗਦੇ ਰਹੇ.
ਦਇਆ ਰਾਮ ਜੀ ਤੋਂ ਉਪਰੰਤ ਦਿੱਲੀ ਦੇ ਧਰਮ ਦਾਸ ਜੀ, ਦਵਾਰਕਾ ਦੇ ਮੋਹਕਮ ਚੰਦ ਜੀ, ਬਿਦਰ ਦੇ ਸਾਹਿਬ ਚੰਦ ਜੀ ਅਤੇ ਪੂਰੀ ਦੇ ਹਿੰਮਤ ਰਾਇ ਜੀ ਨੇ ਗੁਰੂ ਜੀ ਨੂੰ  ਸੀਸ ਭੇਟਾ ਕੀਤੇ !  

ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਦੇ ਫ਼ਰਕ ਨੂੰ ਮਿਟਾਉਦਿਆ ਅਲੱਗ ਅਲੱਗ ਜਾਤਾਂ, ਗੋਤਾਂ ਤੌ ਛੁਟਕਾਰਾ ਦੇਣ ਲਈ ਖਾਲਸਾ ਸਾਜਿਆ ! ਓਹਨਾਂ ਨੇ ਇੱਕ ਹੋਣ ਦੀ ਉਦਾਹਰਨ ਪੇਸ਼ ਕਰਦੇ ਹੋਏ ਸਿੱਖਾਂ ਨੂੰ ਆਪਣੇ ਨਾਮ ਦੇ ਪਿਛੇ "ਸਿੰਘ" ਅਤੇ ਸਿੱਖ ਬੀਬੀਆਂ ਨੂੰ "ਕੌਰ" ਲਾਉਣ ਦਾ ਹੁਕਮ ਕੀਤਾ !

ਉਹਨਾਂ ੫ ਪਿਆਰਿਆਂ ਦੇ ਨਾਮ ਇਸ ਤਰਾਂ ਰੱਖੇ:
ਦਇਆ ਰਾਮ ਤੋਂ ਦਇਆ ਸਿੰਘ 
ਧਰਮ ਦਾਸ ਤੋਂ ਧਰਮ ਸਿੰਘ
ਮੋਹਕਮ ਚੰਦ ਤੋਂ ਮੋਹਕਮ ਸਿੰਘ
ਸਾਹਿਬ ਚੰਦ ਤੋਂ ਸਾਹਿਬ ਸਿੰਘ 
ਹਿੰਮਤ ਰਾਇ ਤੋਂ ਹਿੰਮਤ ਸਿੰਘ



ਗੁਰੂ ਜੀ ਨੇ ਇਹਨਾਂ ਸਿੱਖਾਂ ਨੂੰ  ਨੀਲੇ ਬਸਤਰ ਪਹਿਨਾ ਕੇ ਸੰਗਤ ਵਿੱਚ ਖਾਲਸਾ ਕਹਿ ਕੇ ਸਨਮਾਨ ਬਖਸ਼ਿਆ ਅਤੇ ਪੰਜ ਪਿਆਰੇ ਕਹਿ  ਕੇ ਨਿਵਾਜਿਆ! 

ਗੁਰੂ ਜੀ ਨੇ ਸੰਗਤ ਨੂੰ ਹੁਕਮ ਕੀਤਾ ਕਿ ਖਾਲਸਾ ਉਹਨਾਂ ਦਾ ਪੰਜਵਾਂ ਪੁੱਤਰ ਹੈ !

          “ ਖਾਲਸਾ ਮੇਰੋ ਰੂਪ ਹੈ ਖਾਸ !! ਖਾਲਸੇ ਮਹਿ ਹੌ ਕਰੋ ਨਿਵਾਸ !!
             ਖਾਸਲਾ ਮੇਰੋ ਮੁਖ ਹੈ ਅੰਗਾ !! ਖਾਲਸੇ ਕੇ ਹੌਂ ਸਦ ਸਦ ਸੰਗਾ !! ” (ਅੰਮ੍ਰਿਤ ਕੀਰਤਨ- ਗੁਰੂ ਗੋਬਿੰਦ ਸਿੰਘ ਜੀ)

ਗੁਰੂ ਜੀ ਨੇ ਪੰਜ ਬਾਣੀਆਂ ਦਾ ਪਾਠ ਸਰਵਣ ਕਰਦੇ ਹੋਏ ਲੋਹੇ ਦੇ ਬਾਟੇ ਵਿੱਚ ਜਲ ਪਾ ਕੇ ਫਿਰ ਉਸ ਵਿੱਚ ਖੰਡਾ ਘੁਮਾ ਕੇ ਅਮ੍ਰਿਤ ਦਾ ਬਾਟਾ ਤਿਆਰ ਕੀਤਾ ! ਮਾਤਾ ਸਾਹਿਬ ਕੌਰ ਜੀ ਨੇ ਇਸ ਵਿੱਚ ਮਿਠਾਸ ਭਰਦੇ ਹੋਏ ਖੰਡ ਪਾਈ ! ਇਸ ਤਰਾਂ ਅੰਮ੍ਰਿਤ (ਖੰਡੇ ਦੀ ਪਾਹੁਲ) ਤਿਆਰ ਹ਼ੋਈ ਅਤੇ ਪੰਜ ਪਿਆਰਿਆਂ ਨੂੰ ਛਕਾ ਕੇ ਸਿੰਘ ਸਾਜਿਆ ਗਿਆ !  







 

ਇਹ ਪ੍ਰਤੀਕ ਹੈ ਇਸ ਗਲ ਦਾ ਕਿ ਖਾਲਸਾ ਸਿਰਫ ਦਲੇਰੀ ਦਾ ਪ੍ਰਤੀਕ ਨਹੀਂ ਸਗੋਂ ਇਹ ਨਿਮਰਤਾ ਅਤੇ ਮਿਠਾਸ ਦਾ ਵੀ ਪ੍ਰਤੀਕ ਹੋਵੇਗਾ!

ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਹੁਕਮ ਕੀਤਾ ਕਿ ਉਹਨਾਂ (ਗੁਰੂ ਗੋਬਿੰਦ ਰਾਇ ਜੀ) ਨੂੰ ਵੀ ਇਸੇ ਤਰਾਂ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਵੇ ! 
ਇਸ ਪ੍ਰਕਾਰ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਜੀ ਗੋਬਿੰਦ ਰਾਇ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ! 

ਉਹਨਾਂ ਇਹ ਸਭ ਉਚ-ਨੀਚ ਦਾ ਭੇਦ-ਭਾਵ ਮਿਟਾਉਂਦੇ ਹੋਏ ਸਮੂਹ ਕੌਮ ਨੂੰ ਇੱਕ ਰੂਪ "ਖਾਲਸਾਈ" ਬਖਸ਼ਿਆ !




ਖਾਲਸਾ ਸ਼ਬਦ ਤੋਂ ਭਾਵ ਹੈ ਖਾਲਸ ! 

ਗੁਰੂ ਜੀ ਨੇ ੨੩੯ ਸਾਲ ਦੀ ਗੁਰੂਆਂ ਦੀ ਘਾਲਣਾ ਨੂੰ ਇੱਕ ਨਿਵੇਕਲਾ ਰੂਪ ਦਿੱਤਾ ਜੋ ਕਿ ਭਗਤੀ ਅਤੇ ਸ਼ਕਤੀ ਦੀ ਮਿਸਾਲ ਹੈ ਅਤੇ ਦੇਘ ਅਤੇ ਤੇਘ ਦੀ ਵੀ ਛੋਹ ਪੇਸ਼ ਕਰਦਾ ਹੈ !

ਗੁਰੂ ਜੀ ਨੇ ਖਾਲਸਾ ਨੂੰ ੪ ਬੱਜਰ ਕੁਰਹਿਤਾਂ ਤੋਂ ਵਰਜਿਆ :
  1. ਕੇਸ ਕਤਲ ਨਹੀਂ ਕਰਨੇ
  2. ਕਿਸੇ ਵੀ ਤਰਾਂ ਦਾ ਨਸ਼ਾ ਨਹੀਂ ਕਰਨਾ
  3. ਕੁੱਠਾ  ਮਾਸ  ਨਹੀਂ  ਖਾਣਾ
  4. ਪਰ ਇਸਤਰੀ/ਪਰ ਪੁਰਸ਼ ਦਾ ਸੰਗ ਨਹੀਂ ਕਰਨਾ
ਗੁਰੂ ਜੀ ਨੇ ਇਸ ਪ੍ਰਕਾਰ ਖਾਲਸਾ ਨੂੰ ਹਰ ਵੇਲੇ
  • ਪੰਜ ਕਕਾਰਾਂ ਦਾ ਧਾਰਨੀ ਹੋਣਾ,
  • ਇੱਕ ਅਕਾਲ ਪੁਰਖ ਦੀ ਉਸਤਤ ਕਰਨੀ,
  • ਗੁਰੂ ਗਰੰਥ ਸਾਹਿਬ ਜੀ ਉੱਤੇ ਨਿਸ਼ਚਾ ਕਰਨਾ (ਗਰੰਥ ਕੋਈ ਵੀ ਪੜ ਲਓ ਪਰ  ਗੁਰੂਆਂ ਦੀ ਬਾਣੀ-ਗੁਰੂ ਗਰੰਥ  ਸਾਹਿਬ ਦੀ ਹੀ ਵਿਚਾਰ ਕਰਨੀ ਤੇ ਸੁਣਨੀ ਹੈ)
  • ਕਿਸੇ ਵੀ ਪ੍ਰਕਾਰ ਦੇ ਦੇਹਧਾਰੀ ਯਾ ਹੋਰ ਕਰਮ - ਕਾਂਡਾਂ ਤੋ ਵਰਜਿਆ
  • ਆਪਣੇ ਨਾਮ ਨਾਲ "ਸਿੰਘ" ਅਤੇ "ਕੌਰ" ਲਗਾਉਣਾ (ਇਸ ਨਾਲ ਊਚ-ਨੀਚ ਦਾ ਫ਼ਰਕ ਮਿਟਾਇਆ )
  • ਸਿਰ ਤੇ ਦਸਤਾਰ ਸਜਾ ਕੇ ਰਖਣੀ
  • ਕੋਈ ਵੀ ਕੰਮ ਆਰੰਭ ਕਰਨ ਤੋ ਪਹਿਲਾਂ ਅਕਾਲ ਪੁਰਖ ਅੱਗੇ ਬੇਨਤੀ (ਅਰਦਾਸ) ਕਰਨੀ
  • ਪੰਜਾਬੀ (ਗੁਰਮੁਖੀ) ਦਾ ਪੂਰਨ ਗਿਆਨ ਹੋਣਾ (ਕੋਈ ਵੀ ਭਾਸ਼ਾ ਵਿਸ਼ੇਸ਼ ਚ ਨੁਇਪੁੰਨ ਹੋਣ ਦੇ ਨਾਲ ਨਾਲ ਪੰਜਾਬੀ ਨੂੰ ਮੁੱਖ ਰਖਣਾ ਹੈ)
  • ਕੁੜੀ ਮਾਰ ਨਹੀਂ ਕਰਨੀ



ਹੋਈਆਂ  ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ..

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕਿ ਫਤਿਹ !!


Wednesday, April 6, 2011

Sikh Di Haalat


ਅੱਜ ਸਿੱਖ ਬਹੁਤ ਹਨ ,  
ਸਿੱਖੀ ਅਤੇ ਗੁਰਮਤਿ ਪ੍ਰਚਾਰ ਵੀ ਬਹੁਤ ਹੋ ਰਿਹਾ ਹੈ 
ਡੇਰੇ ਵੀ ਬਹੁਤ ਬਣ ਗਏ ਹਨ 
ਬਾਬੇ ਵੀ ਬਹੁਤ ਹੋਂਦ ਵਿੱਚ ਆ ਗਏ ਹਨ 
ਗੁਰੁਦੁਆਰੇ ਵੀ ਬਹੁਤ ਸਥਾਪਿਤ ਹੋ ਗਏ ਹਨ 
ਕੀਰਤਨ ਸਮਾਗਮ (ਜਿੰਨਾ ਨੂੰ ਮਹਾਂ ਪਵਿੱਤਰ ਯਾ ਫਿਰ ਮਹਾਨ ਅਲੋਕਿਕ ਕੀਰਤਨ ਦਰਬਾਰ ਵੀ ਦਸਿਆ ਜਾਂਦਾ ਹੈ ) ਵੀ ਅਨੇਕਾਂ ਹੋ ਰਹੇ ਹਨ ! 

ਪਰ ਸਿੱਖੀ ਅਤੇ ਸਿੱਖੀ ਸਿਦਕ ਕਿਤੇ ਅਲੋਪ ਹੋ ਗਿਆ ਹੈ !

ਖਾਲਸਾ ਤਾਂ ਅੱਜ ਵੀ ਸੱਜਦੇ ਹਨ ਪਰ ਗੁਰੂ ਕਾ ਖਾਲਸਾ ਕੋਈ ਵਿਰਲਾ ਹੀ ਜਾਪਦਾ ਇਸ ਕਲਯੁਗ ਵਿੱਚ !

ਅੱਜ ਸਿੱਖ ਗੁਰੂਆਂ ਦੀ ਬਾਣੀ, "ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਅਨਮੋਲ ਬਾਣੀ ਤੇ ਯਕੀਨ ਨਾ ਕਰਕੇ ਅਖੋਤੀਦੇਹਧਾਰੀ ਬਾਬਿਆਂ, ਸਾਧੂ ਸੰਤਾਂ ਦੇ ਮਗਰ ਲਗਿਆ ਫਿਰਦਾ ਹੈਓਹਨਾਂ ਦੇ ਪੈਰ ਧੋ ਕੇ ਪੀਣ ਲਈ ਘੰਟੇ ਬੱਧੀ ਓਹਨਾਂ ਦੇ ਡੇਰਿਆਂ ਤੇ ਪੰਗਤ ਵਿੱਚ ਖਲੋ ਜਾਂਦਾ ਹੈ ਪਰ ਗੁਰੂਦੁਆਰਾ ਸਾਹਿਬ ਜਾ ਕੇ  ਬਾਣੀ ਵਿਚਾਰ ਸਿਮਰਨ ਕਰਨ ਲਈ ਉਸ ਕੋਲ ਸਮਾਂ ਨਹੀਂ ਹੁੰਦਾ ! ਉਹ ਰੋਟੀ ਖਾਣੀ ਨਹੀਂ ਭੁਲਦਾ ਪਰ ਸਿਮਰਨ ਕਦੋਂ ਕੀਤਾ ਸੀ ਉਸਨੂੰ ਯਾਦ ਵੀ ਨਹੀਂ ਹੁੰਦਾ ਅੱਜ ਮਨੁੱਖ ਦੇ ਘਰ ਤਾਂ ਪੱਕੇ ਹੋ ਗਏ ਹਨ, ਜੀਵਨ ਸ਼ੈਲੀ ਬਹੁਤ ਵਧੀਆ ਹੋ ਗਈ ਹੈ ਪਰ ਉਸਦਾ ਮੰਨ ਇੰਨਾ ਕੱਚਾ ਹੋ ਗਿਆ ਹੈ ਕਿ ਉਸਨੂੰ ਗੁਰਬਾਣੀ ਨਾਲੋ ਬਾਬੇ ਜਿਆਦਾ ਕਰਨੀ ਵਾਲੇ ਜਾਪਦੇ ਹਨ !



ਅੱਜ ਦੇ ਮਨੁੱਖ ਦੀ ਇਹ ਤਰਸ ਲਾਇਕ ਹਾਲਤ ਇਸ ਤਰਾਂ ਬਿਆਨ ਕੀਤੀ ਜਾ ਸਕਦੀ  ਹੈ :

"
ਤਪ ਤੋਂ ਰਾਜ ਅਤੇ ਰਾਜ ਤੋਂ ਨਰਕ"

ਅਜੋਕਾ ਮਨੁੱਖ ਬਾਣੀ ਦਾ ਪੱਲਾ ਛਡੱ ਕੇ ਗੁਰੂ ਤੋਂ ਬੇਮੁੱਖ ਹੋ ਕੇ ਰਾਜ ਭਾਗ ਅਤੇ ਝੂਠੇ ਕਰਮ ਕਾਂਡਾਂ ਵੱਲ ਕੂਚ ਕਰ ਰਿਹਾ ਹੈ ਜੋ ਉਸਨੂੰ ਸਿਰਫ ਨਰਕਾਂ ਵਾਲੀ ਜ਼ਿੰਦਗੀ ਵੱਲ ਤੋਰ ਰਿਹਾ ਹੈ... !

ਓਹ ਭੁਲ ਗਿਆ ਹੈ ਕਿ  " ਮਰਨਾ ਸਚ  ਹੈ ਤੇ ਜੀਵਨ ਝੂਠ "

ਓਹ  ਅੱਜ ਸਿਰਫ ਇਹ ਸਮਝਾ ਰਿਹਾ ਹੈ  ਕਿ ਮੰਦਿਰਮਸੀਤ ਜਾਕੇ ਪੰਡਿਤ ਯਾ ਪੀਰਾਂ ਦੇ ਦੱਸੇ  ਅਨੁਸਾਰ ਦਾਨ ਪੁੰਨ ਕਰਨ ਲਈ ਮਨਾ ਥੋੜਾ ਕੀਤਾ ਬਾਣੀ ਵਿਚ , ਜੇ ਮਨਾ ਕੀਤਾ ਹੁੰਦਾ ਤਾਂ  ਬਾਬਾ ਨਾਨਕ ਜੀ ਕਿਓਂ ਗਏ ਸੀ ਮਸੀਤ ਵਿਚ ਮੂਲੇ ਨਾਲ ਨਮਾਜ਼ ਪੜਨ, ਹਿੰਦੂ ਮੱਤ ਅਨੁਸਾਰ  ਸੂਰਜ ਨੂੰ ਪਾਣੀ ਵੀ ਤਾਂ ਦਿੱਤਾ ਸੀ ਪਰ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਗੁਰੂ ਜੀ ਨੇ ਸਿੱਖ ਨੂੰ  ਇਹ ਸਮਝਾਉਣ ਲਈ ਕਿ " ਪਰਮਾਤਮਾ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ , ਓਹ ਤਾਂ ਸਰਵ ਵਿਆਪਕ ਹੈ,"    ਕੀਤਾ ਸੀ !!

ਅੱਜ ਸਿੱਖੀ  ਵਧਦੀ ਨਜ਼ਰ ਆ ਰਹੀ ਹੈ ਪਰ ਆਮ ਜਨਤਾ ਵਿਚੋਂ ਸਿੱਖੀ ਜੀਵਨ,  ਸਚਿਆਰ ਜੀਵਨ,  ਮਰਿਆਦਾ ਅਤੇ ਸਿੱਖੀ ਅਸੂਲ ਅਲੋਪ ਹੋ ਰਹੇ ਹਨ !

ਅੱਜ  ਨੌਜਵਾਨ ਇਹ ਬਹਿਸ  ਵਿੱਚ ਵਿਅਸਤ ਹੈ ਕਿ ਬਾਹਰੀ ਰੂਪ ਕੋਈ ਮਾਇਨੇ ਨਹੀਂ ਰਖਦਾਮੰਨ  ਸਾਫ਼ ਤੇ ਸਿੱਖੀ ਪ੍ਰੇਮ ਨਾਲ ਭਰਿਆ ਹੋਣਾ ਚਾਹੀਦਾ  ਹੈ ! ਏਥੋਂ ਤਕ ਕੇ ਓਹ ਬਾਣੀ ਦੀਆਂ ਤੁਕਾਂ ਨੂੰ ਤੋੜ ਮੋੜ ਕੇ ਪੇਸ਼ ਕਰਦੇ ਹਨ ਤੇ ਸਮਝਾਉਂਦੇ ਹਨ ਕਿ ਬਾਣੀ ਵਿਚ ਵੀ ਬਾਹਰੀ ਰੂਪ ਨਾਲੋਂ ਮੰਨ ਤੇ ਜਿਆਦਾ ਜੋਰ ਦਿੱਤਾ ਗਿਆ ਹੈ !

ਖਾਲਸਾ ਜੀਓ, ਕੀ ਕੇਸ (ਜਿੰਨਾ ਲਈ ਗੁਰੂ ਸਾਹਿਬ ਨੇ ਸਰਬੰਸ ਵਾਰਿਆ, ਅਨੇਕਾਂ ਸਿਖਾਂ ਨੇ ਸ਼ਹੀਦੀ ਦੇ ਜਾਮ ਪੀਤੇ ) ਅੱਜ ਇੰਨਾ ਵੱਡਾ ਭਾਰ ਬਣ ਗਏ ਹਨ ਕਿ ਅਜੋਕਾ ਸਿੱਖ ਇਹਨਾਂ ਨੂੰ  ਕੁਤਰਨ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ ???


ਇਕ ਸਰਦਾਰ ਦੇ ਘਰ ਜਨਮ ਲੈਣ ਨਾਲ ਹੀ ਕੋਈ ਸਿੰਘ ਨਹੀਂ ਸੱਜ ਸਕਦਾ .......


ਅੱਜ ਸਿੱਖ ਸਿਰਫ ਦਿਖਾਵੇ ਦਾ ਸਿੱਖ ਬਣ ਕੇ ਰਹ ਗਿਆ ਹੈ, ਅੱਜ ਉਸਨੇ ਦਸਤਾਰ ਸਜਾਈ ਹੈ ਪਰ ਉਸ ਦਸਤਾਰ ਲਈ ਹੋਈਆਂ ਕੁਰਬਾਨੀਆਂ ਯਾਦ ਨਹੀਂ ਉਸਨੂੰ !

ਅੱਜ ਮਨੁੱਖ ਦਾ ਸਰੀਰ ਬਾਹਰੋਂ ਤਾ ਸ਼ਿੰਗਾਰਿਆ ਹੋਇਆ ਹੈ ਪਰ ਉਸਦੀ ਧਰਮ ਰੂਪੀ ਆਤਮਾ ਖਤਮ ਹੋ ਰਹੀ ਹੈ!

ਅਤੇ ਇਹ ਧਰਮ ਰੂਪੀ ਆਤਮਾ ਸਿਰਫ ਗੁਰਬਾਣੀ ਵਿਚਾਰ ਨਾਲ ਜੁੜ ਕੇ ਹੀ ਮਾਰਨ ਤੋਂ ਬਚਾਈ ਜਾ ਸਕਦੀ ਹੈ !

ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਯਾਦ ਰਖਣ ਦੀ ਲੋੜ ਹੈ !




ਦਾਸ ਕਿਸੇ ਧਰਮ ਯਾ ਫਿਰਕੇ ਦੇ ਖਿਲਾਫ਼ ਨਹੀਂ ਹੈ ਸਿਰਫ ਕਰਮ ਕਾਂਡਾਂ ਵੱਲ ਤੁਰੀ ਜਾ ਰਹੀ ਸਿੱਖ ਕੌਮ ਸਾਹਮਣੇ ਇਕ ਨਿਮਾਣੀ ਜਿਹੀ ਸੱਚਾਈ ਰਖਣ ਦਾ ਉਪਰਾਲਾ ਕੀਤਾ ਹੈ ਜੀ....

 

ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ 






.

GURMAT VICHAAR-3


 

" ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ !!
      
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ੍ !!
 
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ !!
        
ਤਿਨਾ੍ ਪਿਆਰਿਆ ਭਾਈਆਂ ਅਗੈ ਦਿਤਾ ਬੰਨਿ੍ !!
 
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿ੍ !!
         
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ "!!੧੦੦!!
                    
                                                ਸਲੋਕ ਭਗਤ ਫਰੀਦ ਜੀ.... (ਪੰਨਾ-੧੩੮੩)

ਸ਼ਬਦਾਵਲੀ

ਦੇਹੁਰੀ           : ਸੋਹਣਾ ਸਰੀਰ
ਚਲੈ             : ਤੁਰਦਾ ਹੈ, ਕੰਮ ਦਿੰਦਾ ਹੈ
ਵਤਿ             : ਮੁੜ ਮੁੜ ਕੇ, ਪਰਤ ਪਰਤ ਕੇ
ਆਸੂਣੀ          : ਨਿੱਕੀ ਜਿਹੀ ਸੋਹਣੀ ਆਸ
ਬੰਨਿ             : ਬੰਨ ਕੇ
ਮਲਕਲ ਮਉਤ  : ਮੌਤ ਦਾ ਫਰਿਸ਼ਤਾ (ਮਲਕ : ਫਰਿਸ਼ਤਾ, ਅਲ : ਦਾ)
ਕੰਨਿ੍             : ਮੋਢੇ ਤੇ
ਆਏ ਕੰਮ        : ਕੰਮ ਆਉਣਾ, ਸਹਾਈ ਹੋਣਾ 

 
ਅਰਥ :

ਭਗਤ ਫਰੀਦ ਜੀ ਆਪਣੇ ਸਲੋਕ ਵਿਚ ਸਮਝਾਉਣਾ ਕਰਦੇ ਹਨ ਕਿ ਮਨੁੱਖਦਾ ਸਰੀਰ ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ ਹੈ ਜੋ ਕਿ ਅੰਨ ਅਤੇ ਪਾਣੀ ਦੇ ਜ਼ੋਰ ਤੇ ਚਲਦਾ ਹੈ !  
ਮਨੁਖ ਇਸ  ਧਰਤੀ ਤੇ, ਜਗਤ ਤੇ ਇਕ ਸੋਹਣੀ ਜਿਹੀ ਆਸ ਬੰਨ ਕੇ ਭਾਵ ਲੈ ਕੇ  ਮੁੜ ਮੁੜ ਕੇ ਆਉਂਦਾ ਹੈ ਪਰ ਉਸਦੀ ਇਹ ਆਸ ਪੂਰੀ ਨਹੀਂ ਹੁੰਦੀ  !  
ਜਦੋਂ ਮੌਤ ਦਾ ਫਰਿਸ਼ਤਾ ਇਸ ਦੇਹ ਰੂਪੀ       ਘਰ ਦੇ    ਸਾਰੇ ਦਰਵਾਜੇ ਭੰਨ ਕੇ  (ਭਾਵ ਸਾਰੀ ਇੰਦ੍ਰਿਆਂ ਨੂੰ ਨਕਾਰਾ ਕਰ ਕੇ) ਆ ਖੜਾ ਹੁੰਦਾ ਹੈ  ਤਾਂ ਮਨੁੱਖ  ਦੇ ਪਿਆਰੇ ਵੀਰ, ਰਿਸ਼ਤੇਦਾਰ ਜਿੰਨਾ ਲਈ ਓਹ ਧਨ ਇੱਕਠਾ ਕਰਨ ਵਿੱਚ ਲੱਗਾ ਰਿਹਾ  ਉਸਨੂੰ ਮੌਤ ਦੇ ਫਰਿਸ਼ਤੇ ਅੱਗੇ ਬੰਨ ਕੇ ਤੋਰ ਦਿੰਦੇ ਹਨ  ! ਵੇਖੋ ਬੰਦਾ ਚਾਰ ਬੰਦਿਆਂ ਦੇ ਮੋਢੇ ਤੇ ਤੁਰਿਆ ਜਾ ਰਿਹਾ ਹੈ !
ਹੇ ਫਰੀਦ ! ਪਰਮਾਤਮਾ ਦੀ ਦਰਗਾਹ ਵਿੱਚ ਓਹੀ ਕੰਮ ਸਹਾਈ ਹੁੰਦੇ ਹਨ ਜੋ ਦੁਨੀਆਂ ਵਿੱਚ ਵਿਚਰਦੇ ਹੋਏ ਕੀਤੇ ਜਾਂਦੇ ਹਨ

ਫਰੀਦ ਜੀ ਮੁਨੁਖ ਨੂੰ ਨੇਕ ਕੰਮ ਕਰਨ ਲਈ ਕਹ ਰਹੇ ਹਨ ਤੇ ਸਮਝਾਉਣਾ ਕਰਦੇ ਹਨ ਕਿ ਮਨੁੱਖ  ਦੇ ਮੁੜ੍ਹ ਕਦੀਮੀ ਕਰਮ ਹੀ ਉਸਦੇ ਅੰਤਲੇ ਸਮੇਂ ਵਿੱਚ ਸਹਾਈ ਹੁੰਦੇ ਹਨ !! ਸੰਸਾਰ ਵਿਚ ਵਿਚਰਦੇ ਹੋਏ ਇਕਠਾ ਕੀਤਾ ਧੰਨ-ਦੌਲਤ, ਸਾਕ-ਸਬੰਧੀ ਕੁਝ ਵੀ ਸਾਥ ਨਹੀ ਦੇਂਦਾ ਸਿਰਫ ਮਨੁੱਖ ਦੇ ਕੀਤੇ ਸ਼ੁਭ ਕਰਮਾ ਦੇ ਅਧਾਰ ਤੇ ਨਿਬੇੜਾ ਹੁੰਦਾ ਹੈ ਜੀ....

ਸੋ ਗੁਰੂ ਪਿਆਰੀ ਸਾਧ ਸੰਗਤ ਜੀ,  ਸਿਮਰਨ ਅਤੇ ਨੇਕ ਕਿਰਤ ਕਮਾਈ ਨਾਲ ਜੁੜਨਾ ਕਰੀਏ ਤਾਂ ਜੋ  ਸਾਡੇ ਅੰਤਲੇ ਸਮੇਂ ਵਿਚ ਅਸੀਂ ਵੀ ਗੁਰੂ ਚਰਨਾਂ ਵਿੱਚ ਸਹਾਈ ਹੋ ਸਕੀਏ


ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ
.........