Monday, September 10, 2012

ਸੰਗ੍ਰਾਂਦ, ਮਸਿਆ, ਪੂਰਨਮਾਸ਼ੀ ?

ਪ੍ਰਿੰ.ਗਿਆਨੀ ਸੁਰਜੀਤ ਸਿੰਘ 

ਵਾਹ ਰੀ ਸੰਗ੍ਰਾਂਦ ਤੇਰੇ ਰੰਗ ਨਿਆਰੇ-
 
ਪਾਤਸ਼ਾਹ ਨੇ ਸਿੱਖ ਨੂੰ ਗੁਰਦੁਆਰੇ ਵਾਸਤੇ ਨਿੱਤਨੇਮੀ ਸਿੱਖ ਬਣਾਇਆ ਸੀ। ਫ਼ੁਰਮਾਨ ਹੈ:
 
"ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ" (ਪੰਨਾ 305)
 
 
ਸਾਧ ਸੰਗਤ ਦੀ ਹਾਜ਼ਰੀ ਭਰਨੀ ਉਸਦੀ ਨਿੱਤ ਦੀ ਕਾਰ ਸੀ। ਪਰ ਅੱਜ ਕੀ ਹੋ ਰਿਹਾ ਹੈ, ਸਿੱਖ ਤਾਂ ਕੇਵਲ ਸੰਗ੍ਰਾਂਦੀ ਜਾਂ ਗੁਰਪੁਰਬੀ ਸਿੱਖ ਬਣਕੇ ਹੀ ਰਹਿ ਗਿਆ ਹੈ- ਇਸਦੇ ਵਾਸਤੇ ਜ਼ਿੰਮੇਵਾਰ ਕੋਣ ਹੈ? ਲੋਕਲ ਗੁਰਦੁਆਰਾ ਸਾਹਿਬਾਨ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੀਕ ਦਰਸ਼ਨੀ ਡਿਓੜ੍ਹੀ ਤੇ ਬਾਹਰ ਹੀ ਇਕ ਕਾਲੇ ਰੰਗ ਦਾ ਬੋਰਡ ਲੱਟਕਿਆ ਹੁੰਦਾ ਹੈ। ਇਸ ਬੋਰਡ ਉਪਰ ਮੋਟੇ ਅੱਖਰਾਂ ਵਿਚ ਲਿਖਿਆ ਮਿਲੇਗਾ ਸੰਗਰਾਂਦ, ਮਸਿਆ ਪੂਰਨਮਾਸ਼ੀ ਅਤੇ ਅੰਤ ਵਿਚ 'ਵਿਚਾਰਾ' ਗੁਰਪੁਰਬ। ਫਿਰ ਇਨ੍ਹਾਂ ਅੱਖਰਾਂ ਅਗੇ………… (ਡੈਸ਼-ਖਾਲੀ ਸਥਾਨ) ਹੋਵੇਗਾ ਅਤੇ ਉਸ ਵਿਚ ਸੰਬਧਿਤ ਤਾਰੀਖਾਂ ਲਿਖੀਆਂ ਹੋਣਗੀਆਂ।

ਇਕ ਸੰਗ੍ਰਾਂਦ ਦੇ ਨਿਕਲਦੇ ਹੀ ਅਗਲੀ ਸੰਗ੍ਰਾਂਦ ਦੀਆਂ ਅਤੇ ਇਕ ਮਸਿਆ ਦੇ ਨਿਕਲਦੇ ਹੀ ਅਗਲੀ ਮਸਿਆ ਜਾਂ ਫਿਰ ਪੂਰਨਮਾਸ਼ੀ ਦੀਆਂ ਤਾਰੀਖਾਂ ਲਿਖ ਦਿੱਤੀਆਂ ਜਾਂਦੀਆਂ ਹਨ। ਗੁਰਪੁਰਬ ਦਾ ਖਾਨਾ ਤਾਂ ਬਹੁਤਾ ਕਰਕੇ ਖਾਲੀ ਹੀ ਮਿਲੇਗਾ। 'ਸ਼ਾਇਦ, ਉਸਦੀ ਕੋਈ ਲੋੜ ਨਹੀਂ' ਇਉਂ ਮਹਿਸੂਸ ਹੁੰਦਾ ਹੈ ਜਿਵੇਂ ਅੱਜ ਸੰਗ੍ਰਾਂਦ, ਮਸਿਆ, ਪੂਰਨਮਾਸ਼ੀ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਹੀ ਨਹੀਂ। ਇਸਦੇ ਬਾਵਜੂਦ ਹਾਂ ਅਸੀਂ ਪੱਕੇ ਸਿੱਖ। ਇਹ ਹੈ ਅੱਜ ਦੀ ਸਾਡੀ ਸਿੱਖੀ ਕਮਾਈ ਦੀ ਮੂੰਹ ਬੋਲਦੀ ਤਸਵੀਰ। ਜਿਹੜੀ ਹਰ ਨਵੇਂ ਪੈਦਾ ਹੋਏ ਸਿੱਖ ਬੱਚੇ ਨੂੰ ਜਨਮ ਤੋਂ ਹੀ ਆਸਾਨੀ ਨਾਲ ਪੇਸ਼ ਕਰ ਰਹੇ ਹਾਂ। ਇਹ ਗਲ ਲਿਖਣ ਤੀਕ ਤਾਂ ਮਹਦੂਦ ਨਹੀਂ। ਅੱਜ ਸਾਡਾ ਗੁਰਪੁਰਬ ਮਣਾਨਾ ਵੀ ਕੇਵਲ ਇਕ ਕਰਮਕਾਂਡ ਤੋਂ ਵੱਧ ਹੋਰ ਕੁਝ ਨਹੀਂ। ਇਕ ਰੀਤ ਹੀ ਪੂਰੀ ਕਰਦੇ ਹਾਂ। ਇਕ ਟਰੈਡੀਸ਼ਨ ਹੀ ਨਿਭਾਉਂਦੇ ਹਾਂ। ਪਰ ਸੰਗ੍ਰਾਂਦ ਤਾਂ ਸਾਨੂੰ ਕਿਸੇ ਵੀ ਗੁਰਦੁਆਰੇ ਵਿਚ ਭੁਲਦੀ ਹੀ ਨਹੀਂ। ਬਲਕਿ ਅਰਦਾਸ ਵਿਚ ਤਾਂ ਉਚੇਚੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਿਥੋਂ ਦੂਜਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ 'ਜੇ ਕਰ ਅਜ ਕੋਈ ਗੁਰਦੁਆਰੇ ਨਹੀਂ ਆਇਆ, ਕੜਾਹ ਪ੍ਰਸ਼ਾਦਿ ਦੀਆਂ ਪਰਚੀਆਂ ਨਹੀਂ ਕਟਵਾਈਆਂ ਤਾਂ ਸ਼ਾਇਦ ਉਸਨੇ ਕੋਈ ਬੜਾ ਭਾਰੀ ਗੁਨਾਹ ਕੀਤਾ ਹੈ। ਪ੍ਰਬੰਧਕ ਵੀਰ ਤਾਂ ਉਚੇਚੇ ਕਹਿੰਦੇ ਸੁਣੇ ਜਾਂਦੇ ਹਨ 'ਜੀ ਇਸੇ ਦਿਨ ਦੀ ਆਮਦਨ ਤੇ ਤਾਂ ਸਾਡੇ ਗੁਰਦੁਆਰੇ ਦਾ ਖਰਚਾ ਚਲਦਾ ਹੈ' ਬਹੁਤੇ ਗੁਰਦੁਆਰਿਆਂ ਵਿਚ ਇਸਤਰ੍ਹਾਂ ਦੀਆਂ ਉਚੇਚੀਆਂ ਕਥਾਵਾਂ ਅਤੇ ਐਲਾਨ ਕੀਤੇ ਜਾਂਦੇ ਹਨ ਜਿਵੇਂ ਕਿ ਸੱਚਮੁਚ ਹੀ ਸਾਡੇ ਵਾਸਤੇ ਇਹ ਬੜੇ 'ਮਹਾਤਮ ਵਾਲਾ' ਜਾਂ 'ਭਾਗਾਂ ਭਰਿਆ' ਦਿਨ ਹੈ।
 
ਦਰਬਾਰ ਸਾਹਿਬ ਵਿਚ ਸੰਗ੍ਰਾਂਦ- ਸਿੱਖ ਧਰਮ ਦੇ ਕੇਂਦਰੀ ਸਥਾਨ ਦਰਬਾਰ ਸਾਹਿਬ , ਅੰਮ੍ਰਿਤਸਰ ਜਾਕੇ ਦਰਸ਼ਨ ਕਰੋ। ਕਿਸੇ ਵੀ ਸੰਗ੍ਰਾਂਦ ਵਾਲੇ ਦਿਨ ਦੂਰ ਦੂਰ ਤੀਕ ਉਚੇਚੀਆਂ ਸੰਗਤਾਂ ਜੁੜੀਆਂ ਮਿਲਣਗੀਆਂ। ਕਿਸੇ ਕਥਾ-ਕੀਰਤਨ ਦੀ ਖਿੱਚ ਵਿੱਚ ਨਹੀਂ। ਇਹ ਸੰਗਤਾਂ ਉਚੇਚੀਆਂ ਦਰਬਾਰ ਸਾਹਿਬ ਪੁੱਜੀਆਂ ਹਨ, ਕਿਉਂਕਿ ਅੱਜ ਸੰਗ੍ਰਾਂਦ ਦਾ 'ਭਾਗਾਂ ਭਰਿਆ' ਦਿਨ ਹੈ। ਕੜਾਹ ਪ੍ਰਸ਼ਾਦਿ ਕਈ ਗੁਣਾਂ ਵੱਧ ਤਿਆਰ ਹੁੰਦਾ ਹੈ। ਕਿਉਂਕਿ 'ਪਵਿਤ੍ਰ' ਸੰਗ੍ਰਾਂਦ ਦੇ ਦਿਹਾੜੇ ਸਭ ਨੇ ਦੇਗ਼ ਕਰਵਾਉਣੀ ਹੈ। 'ਵਡਾ ਫਲ ਮਿਲੇਗਾ' 'ਇਹ ਵੱਡਾ ਪੁੰਨ ਹੈ'ਆਖਿਰ ਸਾਰਾ ਮਹੀਨਾ ਗੁਰਦੁਆਰੇ ਆਕੇ ਕਰਨਾ ਵੀ ਕੀ ਹੈ? ਬਸ ਸੰਗ੍ਰਾਂਦ ਨੂੰ ਆ ਗਏ, ਸਾਰੇ ਪਾਪ ਧੁਲ ਗਏ। ਇੱਕ ਮਹੀਨੇ ਵਾਸਤੇ ਸਰਟੀਫਿਕੇਟ ਮਿਲ ਗਿਆ। ਅਗਲੇ ਮਹੀਨੇ ਫ਼ਿਰ ਮਿਲ ਲੈ ਲਵਾਂਗੇ। ਉੰਝ ਤਾਂ ਹਰ ਇੱਕ ਗੁਰਦੁਆਰੇ ਵਿਚ, ਪਰ ਸੰਗ੍ਰਾਂਦ ਨੂੰ ਇਹ ਨਜ਼ਾਰਾ ਦਰਬਾਰ ਸਾਹਿਬ ਜਾਕੇ ਵਧੇਰੇ ਦੇਖਿਆ ਜਾ ਸਕਦਾ ਹੈ। ਕਥਾ ਕੀ ਹੋ ਰਹੀ ਹੈ, ਕਿਥੇ ਹੋ ਰਹੀ ਹੈ? ਕੀਰਤਨ ਕਿਸ ਸ਼ਬਦ ਦਾ ਹੋ ਰਿਹਾ ਹੈ, ਬਹੁਤਿਆਂ ਨੂੰ ਇਸ ਨਾਲ ਕੋਈ ਮਤਲਬ ਨਹੀਂ। ਅਸਲ ਮਤਲਬ ਤਾਂ 'ਬਾਰਹਮਾਹਾ ਮਾਝ' ਬਾਣੀ ਵਿਚੋਂ ਸੰਬੰਧਤ ਮਹੀਨੇ ਦੇ ਨਾਮ ਨਾਲ ਹੈ। ਸੁਣਿਆ ਅਤੇ ਚਲ ਪਏ ਮੂਹੋਂ ਕਹਿ ਰਹੇ ਹਨ 'ਵਾਹਿਗੁਰੂਵਾਹਿਗੁਰੂ' 'ਹੇ ਸਚੇ ਪਾਤਸ਼ਾਹ! ਮਹੀਨਾ ਸੁੱਖ ਦਾ ਬਤੀਤ ਕਰੀਂ' ਆਦਿ। ਬਸ ਇਹੀ ਰਹਿ ਚੁਕਾ ਹੈ ਸਾਡਾ ਰਿਸ਼ਤਾ ਗੁਰਦੁਆਰੇ ਨਾਲ। ਇਹੀ ਵਿਰਾਸਤ ਅਸੀਂ ਦੇ ਰਹੇ ਹਾਂ ਆਪਣੀ ਔਲਾਦ ਤੋਂ ਬਾਦ ਔਲਾਦ ਨੂੰ ਅਤੇ ਪੁਸ਼ਤ-ਦਰ-ਪੁਸ਼ਤ।
 
ਸੰਗ੍ਰਾਦ ਦੇ ਦਿਨ ਦੀ ਕਥਾ?- ਇਥੇ ਹੀ ਬਸ ਨਹੀਂ। ਸੰਗ੍ਰਾਂਦ ਵਾਲੇ ਦਿਨ ਤਾਂ ਖਾਸ ਤੌਰ ਤੇ ਕਿਸੇ ਕਥਾਵਾਚਕ, ਭਾਈ ਜਾਂ ਗ੍ਰੰਥੀ ਦੀ ਹਿੰਮਤ ਨਹੀਂ ਕਿ ਸੰਗਤਾਂ ਨੂੰ ਥਿੱਤਾਂ ਵਾਰਾਂ ਵਾਲੀ ਇਸ ਬ੍ਰਾਹਮਣੀ ਸੋਚ ਵਿਚੋਂ ਕੱਢਕੇ ਗੁਰੂ ਨਾਲ ਜੁੜਣ ਦੀ ਗਲ ਸਮਝਾ ਸਕੇ। ਕਹਿ ਸਕੇ ਕਿ ਸੰਗ੍ਰਾਂਦਾਂ-ਮਸਿਆਵਾਂ ਪੂਰਨਮਾਸ਼ੀਆਂ ਨਾਲ ਗੁਰੂ ਕੀਆਂ ਸੰਗਤਾਂ ਦਾ ਕੋਈ ਲੈਣਾ ਦੇਣਾ ਨਹੀਂ। ਕਿਉਂਕਿ ਪ੍ਰਬੰਧੰਕਾ-ਫ੍ਰਚਾਰਕਾਂ ਦੀ ਸਾਰੀ ਦੌੜ ਤਾਂ ਵੱਧ ਤੋਂ ਵੱਧ ਸੰਗਤਾਂ ਵਿਚ ਅੰਨ੍ਹੀ ਸ਼ਰਧਾ ਭਰਕੇ ਨੋਟ/ ਡਾਲਰ/ ਪੌਂਡ ਇਕੱਠੇ ਕਰਨ ਦੀ ਹੈ। ਜਾਂ ਫਿਰ ਪ੍ਰਬੰਧਕਾਂ ਦਾ ਡਰ ਹੈ, ਪਰ ਗੁਰੂ ਦਾ ਡਰ ਕਿਸੇ ਨੂੰ ਨਹੀਂ। ਇਹੀ ਸਚਾਈ ਤਾਂ ਅਸਾਂ ਸਮਝਣੀ ਹੈ ਇਸ ਗੁਰਮੱਤ ਪਾਠ ਰਾਹੀਂ। ਇਹੀ ਤਾਂ ਵਿਸ਼ਾ ਹੈ ਇਸ ਗੁਰਮੱਤ ਪਾਠ ਦਾ ਤਾਕਿ ਸਾਨੂੰ ਪਤਾ ਲਗ ਸਕੇ ਕਿ ਥਿੱਤਾਂ ਵਾਰਾਂ ਦਾ ਪਿਛੋਕੜ ਕੀ ਹੈ? ਇਸ ਦੀ ਬੁਨਿਆਦ ਕਿੱਥੇ ਹੈ? ਇਹ ਥਿੱਤ-ਵਾਰ ਗੁਰੂ ਦਰਬਾਰ ਵਿਚ ਕਿਵੇਂ ਦਾਖਲ ਹੋਏ? ਹੁਨ ਇਸ ਗੁੰਝਲ ਵਿਚੋਂ ਅਸੀਂ ਨਿਕਲਨਾ ਕਿਵੇਂ ਹੈ? ਵੇਰਵੇ ਵਿਚ ਗਲ ਤਾਂ ਭਾਵੇਂ ਅਸੀਂ ਫਿਰ ਕਦੇ ਕਰਾਂਗੇ। ਇਥੇ ਇੱਤਨੀ ਜ਼ਰੂਰ ਕਰਾਂਗੇ ਤਾਕਿ ਗੁਰੂ ਕੀਆਂ ਸੰਗਤਾਂ ਹੋਣ ਦੇ ਨਾਤੇ ਸਾਨੂੰ ਸੱਚ ਦੀ ਸਮਝ ਆ ਸਕੇ। ਇਸ ਚੱਕਰ ਵਿਊਹ ਅਤੇ ਮੱਕੜੀ ਜਾਲ ਵਿਚੋਂ ਨਿਕਲ ਸਕੀਏ।
 

ਗੁਰਬਾਣੀ ਅਤੇ ਥਿੱਤ ਵਾਰ- ਗੁਰਬਾਣੀ ਰਾਹੀਂ ਪਾਤਸ਼ਾਹ ਨੇ ਮਨੁਖ ਨੂੰ ਥਿੱਤਾਂ ਵਾਰਾਂ ਵਾਲੀ ਅਗਿਆਨਤਾ ਵਿਚੋਂ ਪੂਰੀ ਤਰ੍ਹਾਂ ਸੁਚੇਤ ਕੀਤਾ ਹੈ। ਇੱਤਨਾ ਹੀ ਨਹੀਂ ਧਰਮ ਨਾਲ ਜੋੜਕੇ ਲੁੱਟ ਖਸੁੱਟ ਕਰਨ ਵਾਲੇ ਬ੍ਰਾਹਮਣ ਦੀ ਭਰਵੀਂ ਤਾੜਨਾ ਵੀ ਕੀਤੀ ਹੈ। ਇਸ ਸਚਾਈ ਨੂੰ ਪ੍ਰਗਟ ਕਰਨ ਵਾਸਤੇ ਗੁਰਬਾਣੀ ਖਜ਼ਾਨੇ ਵਿਚ ਅਨੇਕਾਂ ਪ੍ਰਮਾਣ ਮੌਜੂਦ ਹਨ। ਅਸੀਂ ਇਥੇ ਕੇਵਲ ਦੋ ਪ੍ਰਮਾਣ ਹੀ ਦੇ ਰਹੇ ਹਾਂ।
'ਕਬੀਰ ਸਾਹਿਬ "ਗਉੜੀ ਥਿਤੀ" ਵਿਚ ਪੰ: 343-344 ਉਪਰ ਫੁਰਮਾਂਦੇ ਹਨ'-
 
"ਅੰਮਾਵਸ ਮਹਿ ਆਸ ਨਿਵਾਰਹੁ ॥ ਅੰਤਰਜਾਮੀ ਰਾਮੁ ਸਮਾਰਹ"
ਅਤੇ
"ਪੂਨਿਉ ਪੂਰਾ ਚੰਦ ਅਕਾਸ ॥ ਪਸਰਹਿ ਕਲਾ ਸਹਜ ਪਰਗਾਸ"
 
ਭਾਵ ਇਹ ਭਾਈ! ਤੂੰ ਅਪਣੇ ਅੰਦਰ ਦੀ ਆਸਾ ਤ੍ਰਿਸ਼ਨਾ ਵਾਲੀ ਕਾਲੀ ਮੱਸਿਆ ਨੁੰ ਖਤਮ ਕਰ ਅਤੇ ਘੱਟ ਘੱਟ ਦੀ ਜਾਨਣ ਵਾਲੇ ਪ੍ਰਭੁ ਦੀ ਪਹਿਚਾਣ ਕਰ। ਇਸੇਤਰ੍ਹਾਂ ਪੂਰਨਮਾਸ਼ੀ ਦੇ ਭੁਲੇਖੇ ਵਿਚ ਫਸਿਆਂ ਨੂੰ ਪੂਰਨਮਾਸ਼ੀ ਦਾ ਨਾਮ ਲੈਕੇ ਦਰਿੜ ਕਰਵਾਇਆ ਹੈ ਕਿ ਪੂਰਨਮਾਸ਼ੀ ਤਾਂ ਅਸਲ ਵਿਚ ਤੇਰੇ ਹਿਰਦੇ ਅਕਾਸ਼ ਅੰਦਰ ਰਮੇ ਹੋਏ ਪ੍ਰਭੂ ਰੂਪੀ ਚੰਦ੍ਰਮਾ ਦਾ ਪ੍ਰਕਾਸ਼ ਹੈ। ਜੇ ਕਰ ਤੇਰਾ ਜੀਵਨ ਸਹਿਜ ਅਤੇ ਟਿਕਾਅ ਵਿਚ ਆ ਜਾਵੇ ਤਾਂ ਇਸ ਰੋਸ਼ਨੀ ਦਾ ਤੈਨੂੰ ਅਪਣੇ ਆਪ ਹੀ ਅਨੁਭਵ ਹੋ ਜਾਵੇਗਾ। ਪੰਨਾ 970 ਉਪਰ ਰਾਮਕਲੀ ਰਾਗ ਵਿਚ ਕਬੀਰ ਸਾਹਿਬ ਪੰਡਤ ਨੂੰ ਇਥੋਂ ਤੀਕ ਉਲ੍ਹਾਮਾ ਦੇਂਦੇ ਹਨ:
 
"ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ"
 
ਭਾਵ ਇਹ ਪੰਡਿਤ ਤੂੰ ਚਉਦਸਾਂ ਅਤੇ ਅਮਾਵਸਾਂ ਰੱਚ ਰੱਚ ਕੇ ਦਾਨ ਪੁੰਨ ਦੇ ਨਾਮ ਹੇਠ ਮੰਗਦਾ ਫ਼ਿਰਦਾ ਹੈਂ। ਸੰਸਾਰ ਨੂੰ ਦਸਦਾ ਹੈਂ ਸਾਰਾ ਗਿਆਨ ਹੀ ਤੇਰੇ ਪਾਸ ਹੈ ਪਰ ਤੂੰ ਆਪ ਅਗਿਆਨਤਾ ਦੇ ਖੂਹ ਵਿਚ ਡਿੱਗਾ ਪਿਆ ਹੈਂ। ਫੁਰਮਾਣ ਹੈ
"ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ" (ਪੰਨਾ 819)
ਅਤੇ
"ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ" (ਪੰ:136)
 
ਅਰਥ-ਮਹੀਨਾ, ਥਿੱਤ, ਵਾਰ, ਮਹੂਰਤ, ਸਮਾਂ ਓਹੀ ਭਲਾ ਹੈ ਜੋ ਪ੍ਰਭੁ ਪਿਆਰ ਵਿਚ ਬਤੀਤ ਹੋਵੇ। ਭਾਵ ਸਮੇਂ ਦੀ ਅਪਣੀ ਕੋਈ ਮਹਾਨਤਾ ਨਹੀਂ। ਮਹਾਨਤਾ ਤਾਂ ਸਮੇਂ ਦੀ ਵਰਤੋਂ-ਕੁਵਰਤੋਂ ਵਿਚ ਹੈ। ਜ਼ਰਾ ਸੋਚੋ! ਸਮਾਂ ਭਾਵੇਂ ਅਖੌਤੀ ਸੰਗ੍ਰਾਂਦ ਦਾ ਹੀ ਹੋਵੇ ਪਰ ਉਸ ਮਨੁਖ ਵਾਸਤੇ ਇਸਦੀ ਕੀ ਮਹਾਨਤਾ ਹੈ ਜੋ ਉਸ ਦਿਨ ਵਿੱਭਚਾਰ ਦੇ ਅੱਡੇ ਜਾਂ ਸ਼ਰਾਬ ਦੇ ਠੇਕੇ ਤੇ ਬੈਠਾ ਹੈ।ਫਿਰ ਉਹ ਸਮਾਂ ਉਸ ਵਾਸਤੇ ਭਾਗਾਂ ਵਾਲਾ ਕਿਵੇਂ ਹੈ ਜਿਸਦੇ ਪ੍ਰਵਾਰ ਵਿਚ ਉਸ ਸਮੇਂ ਕੋਈ ਅਨਸੁਖਾਵੀਂ ਘੱਟਨਾ ਵਾਪਰ ਗਈ ਹੋਵੇ? ਫੈਸਲਾ ਹੈ-
"ਥਿਤੀ ਵਾਰ ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ ਤਾ ਫਲੁ ਪਾਏ" (ਪੰ:842)
"ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ" (ਪੰ:843)
ਭਾਵ ਥਿੱਤਾਂ ਵਾਰਾਂ ਦੇ ਭਰਮਾਂ ਵਿਚ ਪੈਣ ਵਾਲੇ ਮਨੁਖ ਜਾਹਿਲ 'ਤੇ ਮੂਰਖ ਹਨ। ਅਜੇਹੇ ਪ੍ਰਮਾਣ ਗੁਰਬਾਣੀ ਖਜ਼ਾਨੇ ਵਿਚ ਬੇਅੰਤ ਹਨ। ਬਲਕਿ ਥਿਤੀ ਗਉੜੀ ਮ: 5 (ਪੰ:296), ਬਿਲਾਵਲ ਮ: 1 ਥਿਤੀ (ਪੰ:838), ਰਾਗ ਗਉੜੀ ਥਿਤੀ ਕਬੀਰ ਜੀ ਕੀ (ਪੰ:343), ਬਾਹਰ ਮਾਹਾ ਮਾਝ ਮ:5 (ਪੰ:132), ਤੁਖਾਰੀ ਛੰਤ ਮ: 1 ਬਾਰਹ ਮਾਹਾ (ਪੰ:1107) ਆਦਿ। ਇਹ ਸੰਪੂਰਨ ਰਚਨਾਵਾ ਹੀ ਥਿੱਤਾਂ ਵਾਰਾਂ ਵਾਲੀ ਇਸ ਅਗਿਆਨਤਾ ਅਤੇ ਵਹਿਮਾਂ ਦਾ ਨਾਸ ਕਰਨ ਵਾਸਤੇ ਹੀ ਰਚੀਆਂ ਗਈਆਂ ਹਨ। ਕਾਸ਼! ਅਸਾਂ ਕਦੇ ਬਾਣੀ ਦੇ ਅਰਥ ਬੋਧ ਵਲ ਵੀ ਧਿਆਨ ਦਿੱਤਾ ਹੁੰਦਾ। ਮੁਕਦੀ ਗਲ ਕਿ ਗੁਰੂ ਦਰ ਤੇ ਕਿਸੇ ਵੀ ਥਿੱਤ ਵਾਰ ਜਾਂ ਸਮੇਂ ਦੀ ਅਪਨੀ ਕੋਈ ਵੱਖਰੀ ਮਹਾਨਤਾ ਜਾਂ ਉਸਦਾ ਭਰਮ ਨਹੀਂ।
 
ਥਿੱਤਾਂ ਵਾਰਾਂ ਦਾ ਪਿਛੋਕੜ- ਅਕਾਲ ਪੁਰਖ ਦੀ ਬੇਅੰਤ ਰਚਨਾ ਵਿਚ ਸੂਰਜ, ਧਰਤੀ ਅਤੇ ਦੂਸਰੇ ਨਖਤ੍ਰਾਂ ਦੀ ਚਾਲ ਦਾ ਨਤੀਜਾ ਦਿਨ ਰਾਤ, ਮਹੀਨੇ-ਰੁੱਤਾਂ ਆਦਿ ਸਮੇਂ ਦੀ ਸਾਰੀ ਵੰਡ ਬਣਦੀ ਹੈ। ਇਸ ਵੰਡ ਵਿਚ ਇਲਾਕੇ ਅਤੇ ਦੇਸ਼ ਕਾਰਣ ਫਰਕ ਵੀ ਆਉਂਦਾ ਹੈ। ਹਰਇਕ ਭਾਸ਼ਾ ਅਤੇ ਦੇਸ਼ ਵਿਚ ਵਿਚਰਨ ਵਾਲੇ ਮਨੁਖ ਨੇ ਆਪਣੇ ਜੀਵਨ ਨੂੰ ਨਿਯਮਿਤ ਸੇਧ ਦੇਨ ਵਾਸਤੇ, ਅਪਣੀ ਅਪਣੀ ਭਾਸ਼ਾ ਵਿਚ ਵਾਰਾਂ-ਮਹੀਨਿਆਂ-ਸਾਲਾਂ ਆਦਿ ਨੂੰ ਵੱਖ ਵੱਖ ਨਾਮ ਦਿੱਤੇ ਹਨ ਅਤੇ ਇਹ ਢੰਗ ਸਾਰੇ ਸੰਸਾਰ ਵਿਚ ਵਰਤ ਰਿਹਾ ਹੈ। ਪ੍ਰਭੂ ਵਲੋਂ ਅਨਜਾਣ ਮਨੁਖ ਨੇ, ਪ੍ਰਭੂ ਦੀਆਂ ਬੇਅੰਤ ਦਾਤਾਂ ਸੂਰਜ, ਚੰਦ, ਧਰਤੀ ਆਦਿ ਨੂੰ ਹੀ ਦੇਵੀਆਂ ਅਤੇ ਦੇਵਤੇ ਮੰਨ ਲਿਆ। ਦੇਵਤੇ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ 'ਦੇਣ ਵਾਲਾ' ਭਾਵ ਕੰਟਰੋਲਰ। ਦੇਨ ਵਾਲੇ ਪ੍ਰਭੁ ਨੂੰ ਭੁਲਿਆ ਇਹ ਅਗਿਆਨੀ ਮਨੁਖ, ਇਨ੍ਹਾਂ ਦੀ ਹੀ ਪੂਜਾ ਅਰਚਾ ਵਿਚ ਗੁਆਚ ਗਿਆ। ਪੁਲਿੰਗ ਵਾਚਕ ਸ਼ਕਤੀਆਂ ਨੂੰ ਦੇਵਤੇ ਅਤੇ ਇਸਤਰੀ ਲਿੰਗ ਸ਼ਕਤੀਆਂ ਨੂੰ ਦੇਵੀਆਂ ਮੰਨ ਬੈਠਾ। ਅਜੇਹੀ ਵਿਚਾਰਧਾਰਾ ਨੂੰ ਜਨਮ ਦੇਨ ਵਾਲੇ ਮਨੁਖ ਨੇ ਅਪਣੇ ਆਪ ਨੂੰ ਬ੍ਰਾਹਮਣ ਅਖਵਾਉਣਾ ਸ਼ੁਰੂ ਕਰ ਦਿੱਤਾ। ਬਾਕੀਆਂ ਨੂੰ ਖੱਤਰੀ, ਵੈਸ਼, ਸ਼ੁਦ੍ਰ ਦੇ ਨਾਮ ਦੇਕੇ ਵਰਣ ਵਾਦ ਨੂੰ ਜਨਮ ਦਿੱਤਾ। ਇਸ ਤਰ੍ਹਾਂ ਮਨੁਖ-ਮਨੁਖ ਵਿਚ ਵੰਡੀਆਂ ਪਾ ਦਿੱਤੀਆਂ। ਸਮੇਂ ਨਾਲ ਜਦੋਂ ਇਸਤਰ੍ਹਾਂ ਦੂਜੇ ਲੋਕਾਂ ਵਿਚ ਬ੍ਰਾਹਮਣ ਦੀ ਭੱਲ ਬਣਦੀ ਗਈ ਤਾਂ ਇਨ੍ਹਾਂ ਹੀ ਸ਼ਕਤੀਆਂ ਦੇ ਵੱਖਰੇ ਵੱਖਰੇ ਰੂਪ ਘੱੜ ਦਿੱਤੇ ਗਏ। ਅਨੇਕਾਂ ਕਹਾਣੀਆਂ ਇਕ ਦੀ ਪੂਜਾ ਅਤੇ ਦੂਜੇ ਦੇ ਵਿਰੋਧ ਵਿਚ ਪ੍ਰਚਲਤ ਹੁੰਦੀਆ ਗਈਆਂ। ਸਮੇਂ ਸਮੇਂ ਇਨ੍ਹਾਂ ਨਾਲ ਥਿੱਤਾਂ-ਵਾਰਾਂ ਨੂੰ ਜੋੜ ਦਿੱਤਾ ਗਿਆ। ਨਤੀਜੇ ਦੇ ਤੌਰ ਤੇ ਸਮੇਂ ਸਮੇਂ, ਇਨ੍ਹਾਂ ਨਾਲ ਬੇਅੰਤ ਮਹਾਤਮ ਅਤੇ ਵਹਿਮ-ਭਰਮ-ਜਹਾਲਤਾਂ-ਮੰਗਾ ਜੁੜਦੀਆਂ ਗਈਆਂ, ਜਾਂ ਫ਼ਿਰ ਸ਼ਰਾਰਤੀ ਲੋਕਾਂ ਨੇ ਅਪਣੀ ਉਦਰਪੂਰਤੀ ਵਾਸਤੇ ਜੋੜ ਦਿੱਤੀਆਂ। ਇਥੋਂ ਹੀ ਜਨਮ ਲੈਂਦੀਆਂ ਹਨ ਸੰਗ੍ਰਾਂਦਾ, ਮਸਿਆਵਾਂ, ਪੂਰਨਮਾਸ਼ੀਆਂ, ਨਵਰਾਤਰੇ, ਸ਼ਰਾਧ ਅਤੇ ਹੋਰ ਥਿੱਤ ਵਾਰ। ਉਪਰੰਤ ਇਨ੍ਹਾਂ ਦੀ ਪੂਜਾ ਅਤੇ ਵਹਿਮ-ਭਰਮ। ਬ੍ਰਾਹਮਣ ਨੇ ਸੂਰਜ, ਚੰਦ ਦੀ ਪੂਜਾ ਨਾਲ ਦੱਸ ਮੁੱਖ ਤਿਉਹਾਰ ਭਾਵ ਮਹਾਤਮ ਵਾਲੇ ਦਿਨ ਕਾਇਮ ਕਰ ਦਿਤੇ। ਇਹ ਦਸ ਦਿਨ ਹਨ-ਸੰਗ੍ਰਾਂਦ, ਮਸਿਆ, ਪੁਰਨਮਾਸ਼ੀ, ਦੋ ਅਸ਼ਟਮੀਆਂ, ਸੂਰਜ ਗ੍ਰਹਿਣ, ਚੰਦ੍ਰ ਗ੍ਰਹਿਣ ਅਤੇ ਦੋ ਇਕਾਦਸ਼ੀਆਂ। ਸੰਗ੍ਰਾਂਦ, ਮਾਸਿਆ, ਪੂਰਨਮਾਸ਼ੀ ਕੀ ਹੈ? ਕੇਵਲ ਇਕ ਕਲਪਣਾ ਦੇ ਆਧਾਰ ਤੇ ਸੂਰਜ ਜਦੋਂ ਇਕ ਰਾਸ਼ੀ ਵਿਚੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਭਾਰਤੀ ਕੈਲੇਂਡਰ ਮੁਤਾਬਕ ਦੇਸੀ ਮਹੀਨਾ ਬਦਲਦਾ ਹੈ। ਸੰਸਕ੍ਰਿਤ ਵਿਚ ਇਸ ਦਿਨ ਨੂੰ ਸਾਂਕ੍ਰਾਂਤੀ ਕਰਕੇ ਜਾਣਿਆ ਜਾਂਦਾ ਹੈ। ਉਸੇ ਦਾ ਹੀ ਪੰਜਾਬੀ ਰੂਪ ਹੈ ਸੰਗ੍ਰਾਂਦ। ਖੂਬੀ ਇਹ ਹੈ ਕਿ 'ਸੰਗ੍ਰਾਂਦ' ਇਕ ਅਜੇਹਾ ਸ਼ਬਦ ਹੈ ਜਿਹੜਾ ਕਿ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿੱਧਰੇ ਆਇਆ ਹੀ ਨਹੀਂ। ਫ਼ਿਰ ਵੀ ਅਜ ਸਾਰੀ ਸਿੱਖ ਸੰਗਤ ਇਸ 'ਸੰਗ੍ਰਾਂਦ' ਦੀ ਮਤਵਾਲੀ ਹੋਈ ਪਈ ਹੈ ਜਾਂ ਕੀਤੀ ਜਾ ਚੁਕੀ ਹੈ। ਅਸਲ ਵਿਚ ਇਹ ਸਮੇਂ ਦੇ ਤਬਦੀਲੀ ਦਾ ਇਕ ਕੁੱਦਰਤੀ ਢੰਗ ਹੈ। ਇਸੇ ਤਰ੍ਹਾਂ ਜਦੋਂ ਚੰਦ੍ਰਮਾਂ ਅਪਣੀ ਪੂਰੀ ਰੋਸ਼ਨੀ ਅਤੇ ਪੂਰਣ ਗੋਲਾਈ ਵਿਚ ਦਿਖਾਈ ਦੇਂਦਾ ਹੈ ਤਾਂ ਉਸ ਦਿਨ ਨੂੰ ਅੰਗ੍ਰੇਜੀ ਭਾਸ਼ਾ ਵਿਚ Full Moon Day ਅਤੇ ਭਾਰਤ ਵਿਚ ਪੂਰਨਮਾਸ਼ੀ, ਪੁੰਨਿਆ ਜਾਂ ਪੂਰਨਿਮਾ ਕਹਿਆ ਜਾਂਦਾ ਹੈ। ਇਸੇ ਨਖਤ੍ਰ ਚਾਲ ਅਨੁਸਾਰ ਜਦੋਂ ਚੰਦ੍ਰਮਾਂ ਘੱਟਦਾ ਘੱਟਦਾ ਬਿਲਕੁਲ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਇਸਦੀ ਰੋਸ਼ਨੀ ਸਾਡੀ ਧਰਤੀ ਤੀਕ ਨਹੀਂ ਪੁਜ ਸਕਦੀ। ਰਾਤ ਕਾਲੀ ਹਨੇਰੀ ਹੋ ਜਾਂਦੀ ਹੈ ਤਾਂ ਉਸ ਦਿਨ ਨੂੰ ਭਾਰਤ ਵਿਚ ਮੱਸਿਆ ਜਾਂ ਅਮਾਵਸ ਦਾ ਨਾਮ ਦਿੱਤਾ ਗਿਆ ਹੈ। ਅਸਲ ਗਲ ਕੇਵਲ ਇੱਤਨੀ ਹੀ ਹੈ ਕਿ ਦੂਜੇ ਦੇਸ਼ਾ ਵਿਚ ਵੀ ਇਹ ਸੰਗ੍ਰਾਂਦ, ਮੱਸਿਆ ਆਦਿ ਦੇ ਦਿਨ ਤਾਂ ਹਨ ਅਤੇ ਵੱਖ ਵੱਖ ਭਾਸ਼ਾਵਾਂ ਵਿਚ ਇਨ੍ਹਾਂ ਦੇ ਵੱਖ-ਵੱਖ ਨਾਮ ਵੀ ਹਨ। ਜਿਵੇਂ Full Moon Day, 1st day of the month ਆਦਿ। ਪਰ ਸੰਸਾਰ ਭਰ ਵਿਚ ਕਿਸੇ ਨੇ ਇਨ੍ਹਾਂ ਨੂੰ ਧਰਮ ਅਤੇ ਮਨੁਖੀ ਜਜ਼ਬਾਤਾਂ ਨਾਲ ਕਿੱਧਰੇ ਨਹੀਂ ਜੋੜਿਆ। ਨਾ ਹੀ ਇਨ੍ਹਾਂ ਦਿਨਾਂ-ਵਾਰਾਂ ਨਾਲ ਦਾਨ-ਪੁੰਨ ਦੀਆਂ ਫ਼ਰਜ਼ੀ ਕਹਾਣੀਆਂ ਹੀ ਜੋੜੀਆਂ ਗਈਆਂ ਹਨ। ਇਹ ਬਖਸ਼ਿਸ਼ ਬ੍ਰਾਹਮਣ ਵਰਗ ਵਲੋਂ ਕੇਵਲ ਭਾਰਤ ਦੀ ਜੰਤਾ ਉਪਰ ਹੀ ਹੋਈ ਹੈ।
 
ਪ੍ਰਬੰਧਕਾਂ ਅਤੇ ਪ੍ਰਚਾਰਕਾਂ ਵਿੱਚਲਾ ਤਾਲਮੇਲ- ਅਜ ਤੇ ਹਾਲਤ ਇਹ ਬਣੀ ਪਈ ਹੈ ਭਾਵੇਂ ਸਾਰੇ ਨਹੀਂ ਪਰ ਬਹੁਤੇ ਪ੍ਰਬੰਧਕਾਂ ਦੀ ਲੋੜ ਸੰਗਤਾਂ ਨੂੰ ਗੁਰੂ ਦਰ ਨਾਲ ਜੋੜਨ ਦੀ ਨਹੀਂ ਬਲਕਿ ਗੁਰਦੁਆਰੇ ਦੀ ਆਮਦਨ ਵਧਾਉਣ ਜਾਂ ਬਿਲਡਿਗਾਂ ਬਨਾਉਣ ਦੀ ਹੈ। ਪ੍ਰਚਾਰ ਤਾਂ ਹੈ ਹੀ ਪ੍ਰਬੰਧਕਾਂ ਦੀ ਮੁੱਠੀ ਵਿਚ ਅਤੇ ਪ੍ਰਚਾਰਕ ਉਸਦੇ ਅਧੀਨ। ਫਿਰ ਬਹੁਤੇ ਪ੍ਰਚਾਰਕਾਂ ਦੀ ਬਹੁਤੇ ਪ੍ਰਬੰਧਕਾਂ ਵਾਂਘ ਗੁਰਮੱਤ ਦੀ ਤਿਆਰੀ ਹੈ ਹੀ ਨਹੀਂ। ਜੇ ਕਰ ਪ੍ਰਬੰਧਕਾਂ ਦੀ ਦੌੜ ਗੋਲਕਾਂ ਵੱਡੀਆਂ ਕਰਨ ਦੀ ਹੈ ਤਾਂ ਪ੍ਰਚਾਰਕਾਂ ਦੀ ਦੌੜ ਅਪਣੀ ਰੋਟੀ ਰੋਜ਼ੀ ਤੋਂ ਟੱਪਕੇ ਕੋਠੀਆਂ-ਕਾਰਾਂ ਤੇ ਪੁਜ ਰਹੀ ਹੈ। ਗੁਰੂ ਦੀ ਗਲ ਕਰਕੇ ਉਨ੍ਹਾਂ ਨੇ ਲੈਣਾ ਵੀ ਕੀ ਹੈ? ਉਨ੍ਹਾਂ ਨੇ ਤਾਂ ਉਹੀ ਗਲ ਕਰਨੀ ਹੈ ਜਿਸ ਰਾਹੀਂ ਵੱਧ ਤੋਂ ਵੱਧ ਅੰਨ੍ਹੀ ਸ਼ਰਧਾ ਫੈਲੇ ਅਤੇ ਵੱਧ ਤੋਂ ਵੱਧ ਨੋਟ/ਡਾਲਰ/ਪੌਂਡ ਇਕੱਠੇ ਹੋ ਸਕਣ, ਬੈਂਕ ਬੈਲੇਂਸ ਬਣ ਜਾਨ। ਹਾਲਤ ਇੱਤਨੀ ਨਿੱਘਰ ਚੁਕੀ ਹੈ ਕਿ ਇਲਾਕਾਈ ਤਾਂ ਕੀ ਇਤਿਹਾਸਕ ਗੁਰਦੁਆਰਿਆਂ ਉਪਰ ਵੀ ਇਹ ਫੈਸਲੇ ਲਾਗੂ ਹਨ ਕਿ ਸੰਗ੍ਰਾਂਦ ਨੂੰ ਕੋਈ ਵਿਦਵਾਨ ਨਹੀਂ ਬਲਕਿ ਕਥਾ ਕੇਵਲ ਉਥੋਂ ਦਾ ਗ੍ਰੰਥੀ/ਹੈਡ ਗ੍ਰੰਥੀ ਹੀ ਕਰੇਗਾ। ਗਲ ਕਰੋ ਤਾਂ ਉੱਤਰ ਮਿਲੇਗਾ, 'ਦੇਖੋ ਜੀ! ਉਨ੍ਹਾਂ ਵਿਚਾਰਿਆਂ ਨੇ ਵੀ ਤਾਂ ਅਪਣੇ ਬੱਚੇ ਪਾਲਨੇ ਹਨ'ਇਹ ਤਾਂ ਹੁਨ ਉਸਦੇ ਧਰਮ ਇਮਾਨ ਉਪਰ ਹੈ ਕਿ ਉਸਨੇ ਗਲ ਗੁਰੂ ਦੀ ਕਰਨੀ ਹੈ ਜਾਂ ਫਿਰ ਹੋਰ ਵੱਧ ਸੰਗ੍ਰਾਂਦਾਂ ਦੀ। ਸੋਝੀ ਤਾਂ ਹੈ ਹੀ ਨਹੀਂ, ਇਸਤਰ੍ਹਾਂ ਬਾਕੀ ਰਹਿੰਦੀ ਕਸਰ ਵੀ ਪੂਰੀ ਹੋ ਜਾਂਦੀ ਹੈ। ਅੱਜ ਜ਼ਿਆਦਾ ਹਾਲਤ ਇਹੀ ਬਨੀ ਪਈ ਹੈ। ਇਥੋਂ ਤੀਕ ਕਿ ਇਤਿਹਾਸਿਕ ਗੁਰਦੁਆਰਿਆਂ ਵਿਚ ਵੀ ਸੰਗਤਾਂ ਨੂੰ ਸੰਗ੍ਰਾਂਦਾਂ-ਥਿੱਤਾਂ ਦੇ ਜਾਲ ਵਿਚ ਫਸਾਉਣ ਵਾਸਤੇ ਵੱਧ ਤੋਂ ਵੱਧ ਜ਼ੋਰ ਲਗਾਇਆ ਜਾ ਰਿਹਾ ਹੈ।
ਕੀ ਅੱਜ ਅਸੀਂ ਗੁਰੂ ਕੇ ਸਿੱਖ ਹਾਂ ਜਾਂ ਫ਼ਿਰ ਸੰਗ੍ਰਾਂਦੀ ਸਿੱਖ?- ਪਾਤਸ਼ਾਹ ਨੇ ਸਿੱਖ ਦੇ ਜੀਵਨ ਦੀ ਬਹੁਤ ਸੁੰਦਰ ਅਤੇ ਨਿਵੇਕਲੀ ਘਾੜਤ ਘੜੀ ਸੀ। ਦਸ ਸਰੂਪਾਂ ਰਾਹੀਂ ਉਸ ਅੰਦਰ ਉਸ ਘਾੜਤ ਦੀ ਪ੍ਰਪਕਤਾ ਲਿਆਂਦੀ ਗਈ। ਫੁਰਮਾਨ ਹੈ-
"ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ" (ਪੰ: 305)
ਭਾਵ ਗੁਰਸਿੱਖ ਦੇ ਜੀਵਨ ਦਾ ਅਰੰਭ ਹੀ ਇਥੋਂ ਹੈ ਕਿ ਉਸਨੇ ਪ੍ਰਭਾਤੇ ਜਾਗ ਕੇ ਇਸ਼ਨਾਨ ਕਰਨਾ ਹੈ। ਪ੍ਰਭੁ ਦਾ ਗੁਣ-ਗਾਣ ਕਰਨਾ ਹੈ। ਫਿਰ ਪ੍ਰਭਾਤੇ ਹੀ ਉੱਦਮ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿਚ, ਸਾਧ ਸੰਗਤ ਦੀ ਹਾਜ਼ਰੀ ਭਰਨੀ ਹੈ। ਚੇਤੇ ਰਹੇ! ਇਥੇ ਅੰਮ੍ਰਿਤਸਰ ਦੇ ਅਰਥ ਹਨ ਅੰਮ੍ਰਿਤ ਦਾ ਸਰੋਵਰ ਭਾਵ ਸਾਧਸੰਗਤ। ਗੁਰੂ ਕੇ ਸਿੱਖ ਵਾਸਤੇ ਤਾਂ ਜ਼ਿੰਦਗੀ ਦਾ ਇਹ ਨੀਯਮ ਮਹੀਨੇ ਦੇ 30 ਦਿਨਾਂ ਵਾਸਤੇ ਹੈ। ਇਸਦੇ ਉਲਟ ਇਨ੍ਹਾਂ ਸੰਗ੍ਰਾਂਦਾ ਕਾਰਣ ਸਿੱਖ ਪਹਿਲਾਂ ਤਾਂ ਸੰਗ੍ਰਾਂਦਾਂ ਤੀਕ ਸੁੰਘੜ ਗਿਆ। ਨਤੀਜਾ ਹੋਇਆ ਕਿ ਗੁਰਬਾਣੀ ਸੋਝੀ ਉਸ ਤੀਕ ਪੁਜਨੀ ਬੰਦ ਹੋ ਗਈ। ਹੋਲੇ ਹੋਲੇ ਉਹ ਗੁਰੂ ਤੋਂ ਵੀ ਦੂਰ ਹੁੰਦਾ ਗਿਆ। ਉਸਦਾ ਜੀਵਨ ਬਾਣੀ ਸੋਝੀ ਵਲੋਂ ਖਾਲੀ ਹੁੰਦਾ ਗਿਆ। ਅੰਤ ਜਜ਼ਬਾਤੀ ਅਤੇ ਕਰਮਕਾਂਡੀ ਸਿੱਖ ਹੀ ਬਣ ਕੇ ਰਹਿ ਗਿਆ। ਉਸਦੇ ਜੀਵਨ ਵਿਚ ਬ੍ਰਮਣਮੱਤ, ਅਣਮੱਤ, ਦੁਰਮੱਤ, ਮਨਮੱਤ, ਹੂੜਮਾਤ, ਵਿੱਭਚਾਰ ਸ਼ਰਾਬ ਨੇ ਅਪਣਾ ਅੱਡਾ ਬਨਾ ਲਿਆ। ਇਸੇ ਦਾ ਸਿੱਟਾ ਹੈ ਕਿ ਉਸਦੀ ਓਲਾਦ ਉਸਤੋਂ ਵੀ ਅਗੇ ਨਿਕਲ ਗਈ। ਮਾਪੇ ਘਟੋ ਘੱਟ ਸੰਗ੍ਰਾਂਦ ਨੂੰ ਤਾਂ ਗੁਰਦੁਆਰੇ ਜਾਂਦੇ ਹੀ ਸਨ ਪਰ ਓਲਾਦ ਨੇ ਗੁਰਦੁਆਰੇ ਜਾਨਾ ਵੀ ਛੱਡ ਦਿੱਤਾ। ਪਿਤਾ ਤਾਂ ਕੇਵਲ ਜਜ਼ਬਾਤੀ ਸਿੱਖ ਰਹਿ ਚੁਕਾ ਸੀ ਪਰ ਓੁਲਾਦ ਦੇ ਪਤਿੱਤ ਹੋਨ ਦੀ ਨੌਬਤ ਆ ਗਈ। ਮਾਪੇ ਕਦੇ ਓੁਲਾਦ ਨੂੰ, ਕਦੇ ਟੀ ਵੀ ਨੂੰ ਅਤੇ ਕਦੇ ਪਸ਼ਚਮੀ ਸਭਿਅਤਾ ਨੂੰ ਦੋਸ਼ ਦੇ ਰਹੇ ਹਨ, ਪਰ ਦੋਸ਼ੀ ਉਹ ਆਪ ਹਨ। ਨਿੱਤ ਦੇ ਗੁਰੂ ਉਪਦੇਸ਼ਾਂ ਨੂੰ ਛਡੱਕੇ ਪਹਿਲਾਂ ਸੰਗ੍ਰਾਂਦੀ ਸਿੱਖ ਬਨੇ। ਹੁੰਦੇ ਹੁੰਦੇ ਜਜ਼ਬਾਤੀ ਸਿੱਖ ਹੀ ਰਹਿ ਗਏ। ਅਸਲ ਵਿਚ ਸਿੱਖੀ ਤਾਂ ਉਨ੍ਹਾਂ ਦੇ ਅਪਣੇ ਅੰਦਰ ਨਹੀਂ ਸੀ ਬਚੀ, ਜਿਹੜੀ ਕਿ ਉਲਾਦ ਨੂੰ ਦੇਂਦੇ। ਉਨ੍ਹਾਂ ਨੇ ਉਲਾਦ ਨੂੰ ਦਿੱਤੀਆਂ ਕੋਠੀਆਂ-ਕਾਰਾਂ, ਬੈਂਕ ਬੈਲੇਂਸ ਪਰ ਗੁਰੂ ਪਾਤਸ਼ਾਹ ਤੋਂ ਲੈ ਕੇ ਉਹ ਸਦਾਚਾਰਕ ਜੀਵਨ ਨਾ ਦੇ ਸਕੇ, ਜਿਸ ਜੀਵਨ ਨੇ ਇਹ ਸਭ ਕੁਝ ਕਾਇਮ ਰਖਨਾ ਸੀ। ਜੀਵਨ ਦਾ ਭਾਂਡਾ ਤਾਂ ਖਾਲੀ ਪਿਆ ਸੀ। ਖੜਕੱਣ ਲਗ ਪਿਆ, ਉਸ ਵਿਚ ਵਿੱਭਚਾਰ, ਦੁਰਾਚਾਰ, ਅਨਮੱਤ, ਬ੍ਰਾਹਮਣਮੱਤ ਨੇ ਅਪਣੀਆਂ ਜੜ੍ਹਾਂ ਹੋਰ ਪੱਕੀਆਂ ਕਰ ਲਈਆਂ ਅਤੇ ਇਕ ਦਿਨਉਹ ਬੈਂਕ ਬੈਲੇਂਸ, ਕਾਰਾਂ ਵੀ ਇਸ ਹੂੜਮਤੀਏ, ਦੁਰਮਤੀਏ ਵਿੱਭਚਾਰੀ ਜੀਵਨ ਦੀ ਭੇਂਟ ਚੜ੍ਹ ਗਈਆਂ। ਕਾਸ਼! ਕਿ ਅਸੀਂ ਸੰਗ੍ਰਾਂਦੀ ਸਿੱਖ ਨਹੀਂ, ਮਹੀਨੇ ਦੇ ਤੀਹ ਦਿਨ ਹੀ ਗੁਰੂ ਉਪਦੇਸ਼ ਅਤੇ ਗੁਰੂ ਚਰਨਾਂ ਦੇ ਸਿੱਖ ਰਹਿੰਦੇ। ਜਿਸਤਰ੍ਹਾਂ ਕਿ ਕਦੇ ਸਾਡੇ ਬਜ਼ੁਰਗ ਹੁੰਦੇ ਸਨ। ਅਜ ਹਾਲਤ ਇਹ ਹੈ ਕਿ ਗੁਰਦੁਆਰੇ ਸੰਗਤਾਂ ਤੋਂ ਅਤੇ ਸਿੱਖ, ਸਿੱਖੀ ਤੋਂ ਖਾਲੀ ਹਨ।
 
ਗੁਰਦੁਆਰਿਆਂ ਵਿਚ ਥਿੱਤ ਵਾਰ ਕਦੋਂ ਤੋਂ?-
 
 
ਸੰਗ੍ਰਾਂਦਾਂ ਤੋਂ ਬਾਦ ਗੁਰਦੁਆਰਿਆਂ ਵਿਚ ਮਸਿਆਵਾਂ, ਪੂਰਨਮਾਸ਼ੀਆਂ ਵੀ ਉਸੇ ਤਰ੍ਹਾਂ ਅੱਟਕੀਆਂ ਪਈਆਂ ਹਨ। ਖੂਬੀ ਇਹ ਹੈ ਕਿ ਜਿਸ ਸੰਗ੍ਰਾਂਦ ਵਾਲੇ ਮਾਇਆ ਜਾਲ ਵਿਚ ਅਜ ਸਾਰਾ ਪੰਥ ਉਲਝਿਆ ਪਿਆ ਅਤੇ ਜਿਸਦੀ ਪੂਜਾ ਮਹਾਨਤਾ ਦਾ ਨਿਕਾਸ ਦਰਬਾਰ ਸਾਹਿਬ ਤੋਂ ਹੋਕੇ ਸੰਸਾਰ ਭਰ ਦੇ ਸਾਰੇ ਹੀ ਗੁਰਦੁਆਰਿਆਂ ਵਿਚ ਪੁਜ ਰਿਹਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ 1430 ਪੰਨਿਆਂ ਵਿਚ ਇਸ ਸੰਗ੍ਰਾਂਦ ਲਫਜ਼ ਜਾਂ ਇਸਦੇ ਮੂਲ ਲਫਜ਼ ਸਾਂਕ੍ਰਾਤ ਦੀ ਕਿੱਧਰੇ ਵਰਤੋਂ ਹੈ ਹੀ ਨਹੀਂ। ਅਸਲ ਵਿਚ ਸਿੱਖ ਜਦੋਂ ਜੰਗਲਾਂ ਮਾਰੂਥਲਾਂ ਵਿਚ ਸਨ ਤਾਂ ਗੁਰਦੁਆਰੇ ਮਹੰਤਾ, ਪੁਜਾਰਿਆਂ ਦੇ ਕਬਜ਼ੇ ਵਿਚ ਆ ਗਏ। ਇਹ ਮਹੰਤ-ਪੁਜਾਰੀ ਕੋਈ ਹੋਰ ਨਹੀਂ, ਕੇਵਲ ਬ੍ਰਾਹਮਣ ਦਾ ਹੀ ਬਦਲਿਆ ਰੂਪ ਸਨ। ਗੁਰਮੱਤ ਦੇ ਦਿਨੋ ਦਿਨ ਵੱਧ ਰਹੇ ਪ੍ਰਕਾਸ਼ ਕਾਰਨ ਬ੍ਰਹਮਣ ਨੂੰ ਅਪਣੀ ਦੁਕਾਨਦਾਰੀ ਦੇ ਬੰਦ ਹੋਨ ਦਾ ਖੱਤਰਾ ਸੀ। ਇਹ ਪਹਿਲੇ ਜਾਮੇ ਤੋਂ ਹੀ ਗੁਰੂ ਦਰਬਾਰ ਵਿਰੁਧ ਅਪਣੇ ਹੱਥ-ਪੈਰ ਮਾਰ ਰਿਹਾ ਸੀ। ਭਾਵੇਂ ਗੁਰੂ ਪ੍ਰਵਾਰਾਂ ਵਿਚ ਘੁਸਪੈਠ ਕਰਕੇ ਜਾਂ ਹੋਰ ਹੱਥਕੰਡੇ ਵਰਤਕੇ। ਹੁਨ ਤਾਂ ਇਨ੍ਹਾਂ ਕੋਲ ਸਮਾਂ ਖੁਲਾ ਸੀ। ਇਸ ਦੌਰਾਨ ਹਰਇਕ ਗੁਰਬਾਣੀ ਵਿਰੋਧੀ ਬ੍ਰਾਹਮਣੀ ਵਿਚਾਰਧਾਰਾ, ਕਰਮਕਾਂਡ ਗੁਰਦੁਆਰਿਆਂ ਵਿਚ ਗੁਰਬਾਣੀ ਦੀ ਚਾਸ਼ਨੀ ਚੜ੍ਹਾਕੇ ਲਾਗੂ ਕਰ ਦਿੱਤੇ। ਇਥੋਂ ਤੀਕ ਕਿ ਮੂਰਤੀ ਪੂਜਾ, ਅੱਗ ਪੂਜਾ (ਜੋਤਾਂ), ਪਾਨੀ ਦੀ ਪੂਜਾ ਆਦਿ ਵੀ ਗੁਰਦੁਆਰਿਆਂ ਦਾ ਅੰਗ ਬਣ ਗਏ। ਇਸ ਸਮੇਂ ਕਈ ਇਤਿਹਾਸਕ ਦਿਹਾੜੇ ਵੀ ਅਗੇ ਪਿਛੇ ਕੀਤੇ ਗਏ। ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਵਿਸਾਖ ਸੁਦੀ ਦੂਜ (15 ਅਪ੍ਰੈਲ) ਤੋਂ ਬਦਲਕੇ ਕੱਤਕ ਦੀ ਪੂਰਨਮਾਸ਼ੀ, ਮੁਕਤਸਰ ਦੀ ਘੱਟਨਾ ਮਈ ਮਹੀਨੇ ਤੋਂ ਬਦਲਕੇ 'ਮਾਘੀ ਦੀ ਸੰਗ੍ਰਾਂਦ', 15 ਦਿਨਾਂ ਦੇ ਹੇਰ ਫੇਰ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਪੁਰਬ 'ਅਸੂ ਸੁਦੀ ਦਸਵੀਂ' ਤੋਂ ਅਸੂ ਵਦੀ ਦਸਵੀਂ ਭਾਵ ਸਰਾਧਾਂ ਦੇ ਦਿਨਾਂ ਵਿਚ ਲੈ ਆਂਦਾ ਗਿਆ। ਛੇਵੇਂ ਪਾਤਸ਼ਾਹ ਦੀ ਗਵਾਲੀਅਰ ਦੇ ਕਿਲੇ ਤੋਂ ਰਿਹਾਈ ਅਗਸਤ ਤੋਂ ਬਦਲਕੇ ਦਿਵਾਲੀ (ਨਵੰਬਰ) ਤੇ ਪੁਚਾ ਦਿੱਤੀ। ਇਹ ਲੰਮੀ ਵਿੱਥਿਆ ਹੈ ਅਤੇ ਗੁਰਮੱਤ ਪਾਠ ਨੰ:77 "ਗੁਰਬਾਣੀ ਤੋਂ ਫ਼ਾਸਲਾ" ਵਿਚ ਇਸਨੂੰ ਸੰਗਤਾਂ ਦੇ ਅਰਪਣ ਕੀਤਾ ਗਿਆ ਹੈ। ਅਸਲ ਵਿਚ ਇਤਿਹਾਸਕ ਪਾਣ ਚੜ੍ਹਾਕੇ ਗੁਰਦੁਆਰਿਆਂ ਵਿਚ ਇਹ ਥਿੱਤ ਵਾਰ ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ, ਸ਼ਰਾਧ, ਨੌਰਾਤੇ, ਦਿਵਾਲੀਆਂ ਵਾਲਾ ਮੱਕੜੀ ਜਾਲ ਉਸੇ ਸਮੇਂ ਦੀ ਹੀ ਦੇਨ ਹੈ। ਗੁਰਬਾਣੀ ਵਿਚਾਰਧਾਰਾ ਜਾਂ ਗੁਰੂ ਆਸ਼ੇ ਨਾਲ ਇਸਦਾ ਉੱਕਾ ਮੇਲ ਨਹੀਂ। ਗੁਰਬਾਣੀ ਵਿਚ 'ਬਾਹਰ ਮਾਹਾ' ਕਿਉਂ? ਕਈ ਸੱਜਣ ਸੁਆਲ ਕਰਦੇ ਹਨ, 'ਜੇਕਰ ਸਿੱਖ ਧਰਮ ਵਿਚ ਸੰਗ੍ਰਾਂਦਾਂ ਦੀ ਕੋਈ ਮਹਾਨਤਾ ਹੈ ਹੀ ਨਹੀਂ, ਤਾਂ ਗੁਰੂ ਪਾਤਸ਼ਾਹ ਨੇ ਦੋ-ਦੋ ਬਾਰਹਮਾਹਾ ਆਪ ਕਿਉਂ ਰਚੇ।' ਅਸਲ ਵਿਚ ਅਜੇਹੇ ਸੁਆਲ ਦੋ ਪ੍ਰਕਾਰ ਦੇ ਲੋਕ ਹੀ ਕਰਦੇ ਹਨ। ਪਹਿਲੇ ਉਹ ਜਿਨ੍ਹਾਂ ਕਦੇ ਬਾਣੀ ਨਾ ਪੜ੍ਹੀ ਹੁੰਦੀ ਅਤੇ ਨਾ ਹੀ ਕਦੇ ਪਾਠ ਹੀ ਕੀਤਾ ਹੁੰਦਾ ਹੈ। ਵੱਧ ਤੋਂ ਵੱਧ ਸੰਗ੍ਰਾਂਦ ਵਾਲੇ ਦਿਨ ਗੁਰਦੁਆਰੇ ਜਾ ਕੇ ਮਹੀਨੇ ਦਾ ਨਾਮ ਹੀ ਸੁਣਿਆ ਹੁੰਦਾ ਹੈ। ਦੂਜੇ ਉਹ ਜਿਹੜੇ ਪਾਠ ਤਾਂ ਕਰਦੇ ਹਨ ਪਰ ਬਾਣੀ ਦੇ ਅਰਥ-ਵਿਚਾਰ ਵਲ ਧਿਆਨ ਹੀ ਨਹੀਂ ਦਿੱਤਾ ਹੁੰਦਾ। ਜਿਨ੍ਹਾਂ ਸੱਜਣਾਂ ਨੇ ਬਾਣੀ ਨੂੰ ਵਿਚਾਰ ਕੇ ਪੜ੍ਹਿਆ ਹੁੰਦਾ ਹੈ, ਉਨ੍ਹਾਂ ਨੂੰ ਇਹ ਸਮਝਦੇ ਦੇਰ ਨਹੀਂ ਲਗਦੀ ਕਿ ਇਨ੍ਹਾਂ ਦੋਨਾਂ ਰਚਨਾਵਾਂ ਦਾ ਮਕਸਦ ਹੀ ਲੋਕਾਈ ਨੂੰ ਸੰਗ੍ਰਾਂਦਾ ਆਦਿ ਥਿੱਤਾਂ ਵਾਲੇ ਬ੍ਰਾਹਮਣੀ ਭਰਮ ਜਾਲ ਵਿਚੋਂ ਕੱਢਣਾ ਹੈ। ਗਲ ਨੂੰ ਠੀਕ ਤਰ੍ਹਾਂ ਸਮਝਣ ਵਾਸਤੇ ਅੱਗੇ ਚਲਕੇ ਕੁਝ ਵਿਚਾਰ ਇਸ ਬਾਰੇ ਵੀ ਦੇ ਰਹੇ ਹਾਂ। ਇਥੇ ਤਾਂ ਕੇਵਲ ਇਸ ਸਚਾਈ ਨੁੰ ਸਮਝਣਾ ਹੈ,
 
ਪਹਿਲਾ- ਬਾਣੀ ਵਿਚ ਇਹ ਕੇਵਲ ਕਾਵ ਰਚਨਾ ਦਾ ਇਕ ਢੰਗ ਹੈ ਜਿਵੇਂ ਪਟੀ- ਇਥੇ ਹਰ ਇੱਕ ਬੰਦ ੳ, ਅ ਨਾਲ ਅਰੰਭ ਹੁੰਦਾ ਹੈ। ਪਹਰੇ- ਇਥੇ ਹਰ ਇੱਕ ਬੰਦ 'ਪਹਿਲੇ ਦੂਜੇ ਤੀਜੇ ਪਹਿਰੇ' ਨਾਲ ਚਲਦਾ ਹੈ। ਬਾਣੀ ਥਿਤੀ-ਇਸ ਬਾਣੀ ਦੇ ਹਰਇਕ ਬੰਦ ਦਾ ਅਰੰਭ ਇਕਾਦਸ਼ੀ, ਦੁਆਦਸ਼ੀ ਆਦਿ ਨਾਲ ਹੋਇਆ ਹੈ।ਬਾਣੀ ਥਿੱਤੀ ਵਿਚ ਹੀ ਇਕ ਹੋਰ ਰਚਨਾ ਹੈ ਸਾਤ ਵਾਰ- ਇਸਦੇ ਬੰਦ (ਅਦਿਤ ਵਾਰ) ਐਤਵਾਰ, ਸੋਮਵਾਰ ਆਦਿ ਭਾਵ ਵਾਰਾਂ ਦੇ ਨਾਮ ਨਾਲ ਅਰੰਭ ਹੋਏ ਹਨ।
 
ਦੂਜਾ ਕਾਰਣ ਹੈ- ਜਿਵੇਂ ਅਜਕਲ ਅੰਗ੍ਰੇਜ਼ੀ ਮਹੀਨੇ ਪ੍ਰਚਲਤ ਹਨ ਇਸੇਤਰ੍ਹਾਂ ਉਸ ਸਮੇਂ ਭਾਰਤ ਵਿਚ ਦੇਸੀ ਮਹੀਨੇ ਪ੍ਰਚਲਤ ਸਨ। ਵਿਸ਼ੇਸ਼ਕਰ ਬ੍ਰਾਹਮਣ ਵਰਗ ਨੇ ਲੰਮੇ ਸਮੇਂ ਤੋਂ ਇਨ੍ਹਾਂ ਥਿੱਤਾਂ-ਵਾਰਾਂ ਦੇ ਨਾਮ ਹੇਠ ਕਾਫੀ ਲੁੱਟ-ਖਸੁੱਟ ਮਚਾਈ ਹੋਈ ਸੀ। ਇਸ ਤਰ੍ਹਾਂ ਇਹ ਲੁੱਟ-ਖਸੁੱਟ, ਵਹਿਮ-ਭਰਮ, ਮਹਾਤਮ ਅਤੇ ਅਖੌਤੀ 'ਭਾਗਾਂ ਵਾਲੇ' ਦਿਨ ਲੋਕਾਈ ਦੀਆਂ ਰਗਾਂ ਵਿਚ ਧੱਸੇ ਜਾ ਚੁਕੇ ਸਨ। ਗੁਰਦੇਵ ਨੇ ਬਾਣੀ ਦੇ ਪ੍ਰਕਾਸ਼ ਨਾਲ ਲੋਕਾਈ ਨੂੰ ਇਨ੍ਹਾਂ ਜਹਾਲਤਾਂ ਵਿਚੋਂ ਕਢਿਆ। ਇਤਿਹਾਸ ਵਿਚ ਪਹਿਲੇ ਤੋਂ ਦਸਵੇਂ ਪਾਤਸ਼ਾਹ ਤੀਕ, ਸੰਗ੍ਰਾਂਦ ਅਥਵਾ ਮਹੀਨੇ ਦੇ ਪਹਿਲੇ ਦਿਨ ਉਚੇਚੇ ਸਮਾਗਮਾਂ ਦੀ ਸੂਚਨਾ ਕਿੱਧਰੇ ਨਹੀਂ ਮਿਲਦੀ। ਬਲਕਿ ਸੰਗਤਾਂ, ਗੁਰੂ ਦਰ ਦੀਆਂ ਹਾਜ਼ਰੀਆਂ ਰੋਜ਼ਾਨਾਂ ਪ੍ਰਭਾਤੇ ਨੀਯਮ ਨਾਲ ਭਰਦੀਆਂ ਸਨ। ਇਤਿਹਾਸ ਵਿਚ ਗੁਰੂ ਦਰਬਾਰ ਦੀ ਇਹ ਦੇਨ ਅਪਣਾ ਵਿਸ਼ੇਸ਼ ਸਥਾਨ ਰਖਦੀ ਹੈ ਜਿਹੜੀ ਕਿ ਅੱਜ ਮੁੱਕੀ ਪਈ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਦੋਵੇਂ ਬਾਰਹਮਾਹਾ ਨੂੰ ਵਿਚਾਰ ਕੇ ਦੇਖੋ, ਬੰਦ ਦੇ ਅਰੰਭ ਵਿਚ ਮਹੀਨੇ ਦਾ ਨਾਮ ਵਰਤ ਕੇ ਵੀ ਕਿੱਧਰੇ ਅਖੌਤੀ ਸੰਗ੍ਰਾਂਦ ਵਾਲੇ ਦਿਨ ਦੀ ਗਲ ਨਹੀਂ। ਪੂਰਾ ਮਹੀਨਾ ਗੁਰਬਾਣੀ ਆਸ਼ੇ ਨਾਲ ਜੁੜਣ ਦੀ ਪ੍ਰੇਰਣਾ ਹੈ। ਇਹ ਤਾਂ ਕੇਵਲ ਸੰਨ 1716 ਤੋਂ ਬਾਦ ਜਦੋਂ ਅਨੇਕਾਂ ਅਣ-ਅਧਿਕਾਰੀ ਪੁਜਾਰੀ, ਉਦਾਸੀ, ਨਿਰਮਲੇ ਗੁਰਦੁਆਰਿਆਂ ਉਪਰ ਕਾਬਜ਼ ਹੋ ਗਏ ਤਾਂ ਉਨ੍ਹਾਂ ਨੇ ਇਹ ਸਾਰੀ ਖੇਡ ਖੇਡੀ।
 
ਗੁਰਬਾਣੀ ਖਜ਼ਾਨੇ ਵਿਚ ਦੋ ਬਾਰਹ ਮਾਹਾ- ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ ਦੋ ਰਚਨਾਵਾਂ 'ਬਾਰਹਮਾਹਾ' ਦੇ ਸਿਰਲੇਖ ਹੇਠ ਬਖ਼ਸ਼ੀਆਂ ਹਨ। ਇਕ ਤੁਖਾਰੀ ਰਾਗ ਵਿਚ ਪਹਲੇ ਪਾਤਸ਼ਾਹ ਦੀ ਪੰਨਾ 1107 ਉਪਰ ਅਤੇ ਦੂਜੀ ਮਾਝ ਰਾਗ ਵਿਚ ਪੰਜਵੇਂ ਪਾਤਸ਼ਾਹ ਦੀ ਪੰਨਾ 132 ਉਪਰ। ਇਨ੍ਹਾਂ ਰਚਨਾਵਾਂ ਵਿਚ ਬੰਦਾ ਦਾ ਅਰੰਭ ਮਹੀਨਿਆ ਦੇ ਨਾਵਾਂ ਨਾਲ ਕੀਤਾ ਗਿਆ ਹੈ।
 
ਰਾਗ ਤੁਖਾਰੀ ਵਾਲੇ ਬਾਰਹਮਾਹਾ ਦੀ ਇਕ ਝਲਕ- ਬਾਰਹਮਾਹਾ ਰਾਗ ਤੁਖਾਰੀ ਦੇ ਕੁਲ ਸਤਾਰ੍ਹਾਂ ਬੰਦ ਹਨ। ਪਹਿਲੇ ਚਾਰ ਬੰਦ ਮੁਖ ਬੰਧ ਵਜੋਂ ਹਨ। ਇਥੇ ਸਪਸ਼ੱਟ ਕੀਤਾ ਗਿਆ ਹੈ ਕਿ ਪ੍ਰਭੁ ਤੋਂ ਟੁਟਿਆ ਮਨੁਖ, ਅਪਨਾ ਜਨਮ ਬੇਅਰਥ ਕਰ ਦੇਂਦਾ ਹੈ। ਇਸਦੇ ਅੰਤਮ ਬੰਦ ਵਿਚ ਪਾਤਸ਼ਾਹ ਦਾ ਫੈਸਲਾ ਹੈ ਕਿ ਬਾਰਹ ਮਹੀਨਿਆਂ ਵਿਚੋਂ ਭਾਵੇਂ ਕੋਈ ਵੀ ਮਹੀਨਾ, ਦਿਨ, ਵਾਰ, ਘੜੀ, ਪਲ, ਚਸਾ, ਮਹੂਰਤ ਹੋਵੇ ਜੇ ਕਰ ਜੀਵ ਦੀ ਸਾਂਝ ਪ੍ਰਭੁ ਨਾਲ ਨਹੀਂ ਆਈ ਤਾਂ ਸਾਰਾ ਸਮਾਂ ਬੇਅਰਥ ਹੈ। ਫ਼ੁਰਮਾਨ ਹੈ:
 
"ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ" (ਪੰ:1109)
 
ਹੁਣ ਇਸੇ ਰਚਨਾ ਵਿਚੋਂ ਮਾਤਰ ਮਹੀਨਿਆਂ ਦੇ ਨਾਵਾਂ ਵਾਲੇ, ਦੋ ਪਦਿਆਂ ਵਿਚੋਂ ਦਰਸ਼ਨ ਕਰਦੇ ਹਾਂ ਸਾਰੀ ਗਲ ਸਮਝ ਵਿਚ ਆ ਜਾਵੇਗੀ। ਫੁਰਮਾਨ ਹੈ "ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ" ਅਤੇ "ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ" ਇਥੇ ਚੇਤ ਮਹੀਨੇ ਦੇ ਪਹਿਲੇ ਦਿਨ ਭਾਵ ਸੰਗ੍ਰਾਂਦ ਦੀ ਗੱਲ ਨਹੀਂ ਬਲਕਿ ਸਾਰਾ ਚੇਤ ਦਾ ਮਹੀਨਾ ਹੀ ਉਨ੍ਹਾਂ ਜੀਵਾਂ ਵਾਸਤੇ ਸੁਹਾਵਨਾ ਹੈ ਜਿਨ੍ਹਾਂ ਦੇ ਹਿਰਦੇ ਘਰ ਵਿਚ ਪ੍ਰਭੂ ਦਾ ਵਾਸਾ ਹੋਵੇ। ਇਸੇਤਰ੍ਹਾਂ, ਮਹੀਨਾ ਭਾਵੇਂ ਭਾਦਹੁ ਦਾ ਹੋਵੈ ਅਤੇ ਰੁਤ ਕਿੱਤਨੀ ਵੀ ਸੁਹਾਵਨੀ ਹੋਵੇ ਜਿਹੜੀ ਜੀਵ-ਇਸਤਰੀ ਮਾਇਆ ਦੇ ਭਰਮ ਵਿਚ ਭੁਲੀ ਹੋਈ ਪ੍ਰਭੁ ਦੀਆਂ ਬੇਸ਼ੁਮਾਰ ਦਾਤਾਂ ਵਰਤ ਕੇ ਵੀ (ਭਰ ਜੋਬਨ) ਜੀਵਨ ਵਿਅਰਥ ਕਰ ਲੈਂਦੀ ਹੈ। ਉਹ ਜਨਮ ਮਰਨ ਦੇ ਗੇੜ੍ਹ ਵਿਚੋਂ ਨਹੀਂ ਬਚ ਸਕਦੀ। ਇਸੇ ਤਰ੍ਹਾਂ ਜੇਕਰ ਸਾਰੇ ਹੀ ਸਤਾਰ੍ਹਾਂ ਬੰਦ ਅਰਥ ਬੋਧ ਨਾਲ ਸਮਝ ਵਿਚਾਰ ਲਈਏ ਤਾਂ ਮਨੁਖ ਕਦੇ ਵੀ ਇਨ੍ਹਾਂ ਸੰਗ੍ਰਾਂਦਾਂ, ਮੱਸਿਆਵਾਂ ਆਦਿ ਦੇ ਜਾਲ ਵਿਚ ਨਹੀਂ ਫਸੇਗਾ।
 
 
ਮਾਝ ਰਾਗ ਵਿਚਲੇ ਬਾਰਹ ਮਾਹਾ ਦੀ ਇਕ ਝਲਕ- ਹੁਨ ਦਰਸ਼ਨ ਕਰਦੇ ਹਾਂ ਮਾਝ ਰਾਗ ਵਿਚਲੇ ਬਾਰਹ ਮਾਹਾ ਦਾ। ਇਹ ਰਚਨਾ ਪੰਜਵੇਂ ਪਾਤਸ਼ਾਹ ਦੀ ਹੈ ਅਤੇ ਇਸ ਰਚਨਾ ਦੇ ਕੁਲ 14 ਬੰਦ ਹਨ। ਇਸਦੇ ਪਹਿਲੇ ਹੀ ਬੰਦ ਵਿਚ ਦਸਿਆ ਹੈ ਕਿ ਜੀਵ ਆਪਣੇ ਸੰਸਕਾਰਾਂ ਕਾਰਣ ਪ੍ਰਭੁ ਤੋਂ ਵਿਛੱੜਿਆ ਹੋਇਆ ਜਨਮਾਂ ਜਨਮਾਂ ਦੇ ਗੇੜ੍ਹ ਕੱਟ ਰਿਹਾ ਹੈ। ਮਨੁਖਾ ਜਨਮ ਇਸੇ ਗੇੜ੍ਹ ਵਿਚੋਂ ਨਿਕਲਨ ਵਾਸਤੇ ਪ੍ਰਾਪਤ ਹੋਇਆ ਹੈ। ਜਿਵੇਂ ਦੁਧ ਤੋਂ ਬਿਨਾਂ ਗਾਂ ਦਾ ਕੋਈ ਮੁਲ ਨਹੀਂ। ਪਾਨੀ ਤੋਂ ਬਿਨਾਂ ਫਸਲ ਸੜ ਜਾਂਦੀ ਹੈ, ਉਸਦਾ ਮੁਲ ਨਹੀਂ ਵੱਟਿਆ ਜਾਂਦਾ। ਸੋਹਾਗਣ ਦੇ ਸਾਰੇ ਸ਼ਿੰਗਾਰ ਪਤੀ ਤੋਂ ਬਿਨਾਂ ਬੇਅਰਥ ਹਨ। ਇਸੇਤਰ੍ਹਾ ਜਿਸ ਹਿਰਦੇ ਘਰ ਵਿਚ ਪਤੀ ਪ੍ਰਮੇਸ਼ਵਰ ਦਾ ਵਾਸਾ ਨਹੀਂ ਉਸ ਜੀਵਨ ਵਿਚ ਸੰਸਾਰ ਦੇ ਸਾਰੇ ਰਸ ਅਤੇ ਪ੍ਰਾਪਤੀਆਂ, ਬਲਦੀ ਭਠੀ ਦੀ ਨਿਆਈ ਹਨ। ਇਸਤਰ੍ਹਾਂ ਮਨੁਖ ਨੂੰ ਮਨ ਦੀ ਸ਼ਾਤੀ ਕਦੇ ਵੀ ਪ੍ਰਾਪਤ ਨਹੀਂ ਹੁੰਦੀ। ਪਾਤਸ਼ਾਹ ਫੁਰਮਾਂਦੇ ਹਨ ਕਿ ਹੇ ਪ੍ਰਭੁ। ਬਖਸ਼ਿਸ਼ ਕਰਕੇ ਮੈਨੂੰ ਹੁਨ ਜਨਮ ਮਰਨ ਦੇ ਗੇੜ੍ਹ ਵਿਚੋਂ ਬਚਾ ਅਤੇ ਅਪਨੇ ਵਿਚ ਇਕ-ਮਿੱਕ ਕਰ ਲੈ। ਇਸੇਤਰ੍ਹਾਂ ਅੰਤਮ ਬੰਦ ਨੰ: 14 ਵਿਚ ਵੀ ਰਾਗ ਤੁਖਾਰੀ ਵਾਲੇ ਬਾਰਹ ਮਾਹਾ ਦੀ ਤਰ੍ਹਾਂ ਇਥੇ ਪੰਜਵੇਂ ਪਾਤਸ਼ਾਹ ਫੁਰਮਾਂਦੇ ਹਨ:
 
 
 "ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ" (ਪੰਨਾ 136)
 
ਭਾਵ ਮਹੀਨਾ, ਦਿਨ, ਵਾਰ, ਮੁਹੂਰਤ ਉਹੀ ਚੰਗਾ ਹੈ ਜੇ ਪ੍ਰਭੁ ਦੀ ਬਖ਼ਸ਼ਿਸ਼ ਪ੍ਰਾਪਤ ਹੋ ਸਕੇ। ਹੁਨ ਇਸ ਰਚਨਾ ਵਿਚੋਂ ਵੀ ਅਸੀਂ ਵੰਣਗੀ ਮਾਤਰ ਮਹੀਨਿਆਂ ਦੇ ਨਾਵਾਂ ਵਾਲੇ ਬੰਦਾਂ ਵਿੱਚੋਂ ਕੁਝ ਦਰਸ਼ਨ ਕਰਦੇ ਹਾਂ। ਫ਼ੁਰਮਾਨ ਹੈ:
"ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ"
ਅਤੇ
"ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ"
ਹੋਰ ਲਵੋ
"ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤ
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤ" (ਪੰ: 134)
 
 ਭਾਵ ਜੇਠ ਦਾ ਮਹੀਨੇ ਵਿਚ ਕੜਾਕੇ ਦੀ ਗਰਮੀ ਬੜੀ ਦੁਖਦਾਈ ਹੁੰਦੀ ਹੈ। ਪਾਤਸ਼ਾਹ ਫੁਰਮਾਂਦੇ ਹਨ ਇਹ ਜੇਠ ਦੀ ਗਰਮੀ ਵੀ ਉਨ੍ਹਾਂ ਜੀਵਾਂ ਦੇ ਜੀਵਨ ਰਸ ਨੂੰ ਨਹੀਂ ਵਿਗਾੜ ਸਕਦੀ ਜੋ ਪ੍ਰਭੁ ਬਖ਼ਸ਼ਿਸ਼ ਨੂੰ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਹਾੜ ਦੀ ਭਿਅੰਕਰ ਗਰਮੀ ਤੇ ਤੱਪਸ਼ ਵੀ ਉਨ੍ਹਾਂ ਨੂੰ ਹੀ ਦੁਖੀ ਕਰਦੀ ਹੈ ਜਿਨ੍ਹਾਂ ਪਾਸ ਪ੍ਰਭੁ ਦਾ ਗੁਣ ਗਾਣ ਨਹੀਂ। ਅੰਤ ਫ਼ੁਰਮਾਂਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਘਰ ਵਿਚ ਪ੍ਰਭੁ ਕਰਤੇ ਦੀ ਸਿਫਤ ਸਲਾਹ ਵਸੀ ਹੁੰਦੀ ਹੈ, ਉਨ੍ਹਾਂ ਨੂੰ ਹਾੜ ਦੀ ਗਰਮੀ ਵਿਚ ਵੀ ਜੀਵਨ ਦਾ ਸੁਆਦ ਹੀ ਪ੍ਰਾਪਤ ਹੁੰਦਾ ਹੈ। ਭਾਵ ਸੰਸਾਰ ਪੱਧਰ ਦੇ ਦੁਖ ਕਲੇਸ਼ ਵੀ ਉਨ੍ਹਾਂ ਦੀ ਮਾਨਸਕ ਅਵਸਥਾ ਨੂੰ ਨਹੀਂ ਵਿਗਾੜ ਸਕਦੇ। ਇਸੇ ਤਰ੍ਹਾਂ ਭਾਵੇਂ ਭਾਦਉ ਦਾ ਬੜਾ ਸੁਹਾਵਨਾ ਮਹੀਨਾ ਹੋਵੈ ਅਤੇ ਮਨੁਖ ਨੂੰ ਸੰਸਾਰ ਪੱਧਰ ਤੇ ਹਰ ਪ੍ਰਕਾਰ ਦੇ ਸੁਖ ਆਰਾਮ ਵੀ ਪ੍ਰਾਪਤ ਹੋਣ, ਲੋਕਾਈ ਵਿਚ ਚੰਗੀ ਭੱਲ ਵੀ ਬਣੀ ਹੋਵੇ; ਤਾਂ ਵੀ ਉਨ੍ਹਾਂ ਪ੍ਰਭੂ ਭੁੱਲਿਆਂ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਇਸ ਸੁਹਾਨੇ ਮੌਸਮ ਦਾ ਸੱਚਾ ਅਨੰਦ ਉਹੀ ਜੀਵ ਇੱਸਤਰੀਆਂ ਮਾਣਦੀਆਂ ਹਨ ਜੋ ਪ੍ਰਭੁ ਪਿਆਰ ਵਿਚ ਗੜੁੱਚ ਰਹਿੰਦੀਆਂ ਹਨ। ਜੋ ਮਾਨਸਕ ਸ਼ਾਤੀ ਨੂੰ ਪ੍ਰਾਪਤ ਕਰ ਲੈਦੇ ਹਨ ਉਨ੍ਹਾਂ ਦੀ ਤ੍ਰਿਸ਼ਨਾਂ-ਭੁਖ ਸਭ ਮੁੱਕ ਜਾਂਦੀ ਹੈ ਅਤੇ ਜਨਮ ਮਰਨ ਦੇ ਗੇੜ੍ਹ ਵਿਚ ਨਹੀਂ ਪੈਂਦੇ। ਦੁਖ ਤਾਂ ਇਸ ਗਲ ਦਾ ਹੈ ਕਿ ਇਸ ਮਹਾਨ ਰਚਨਾ ਦੇ ਅਰਥਾਂ ਵਿਰੁਧ, ਅੱਜ ਲਗਭਗ ਹਰਇਕ ਗੁਰਦੁਆਰੇ ਵਿਚ ਇਸੇ ਬਾਰਹ ਮਾਹਾ ਦੀ ਟੇਕ ਲੈਕੇ, ਬਾਣੀ ਦੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ। ਇਕ ਤਾਂ ਅਜੋਕੇ ਰਾਮਰਈਆਂ ਵਲੋਂ ਗੁਰੂ ਪਾਤਸ਼ਾਹ ਦੇ ਸਿਧਾਂਤ ਨੂੰ ਦਬਾਇਆ ਜਾਂਦਾ ਹੈ। ਦੂਜਾ-ਸੰਗਤਾਂ ਦੀ ਭਰਵੀਂ ਲੁਟ-ਖਸੁਟ ਵੀ ਇਸੇ ਰਚਨਾ ਦੀ ਟੇਕ ਲੈਕੇ ਕੀਤੀ ਜਾ ਰਹੀ ਹੈ। ਦਿਨ ਦੀਵੀਂ, ਸੰਗਤਾਂ ਨੂੰ ਥਿੱਤਾਂ ਵਾਰਾਂ ਦੇ ਮੱਕੜੀ ਜਾਲ ਵਿਚ ਫਸਾਉਣ ਦਾ ਬਜਰ ਗੁਨਾਹ ਹੋ ਰਿਹਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਬ੍ਰਾਹਮਣ ਸਦਾ ਤੋਂ ਲੋਕਾਈ ਨਾਲ ਕਰਦਾ ਆ ਰਿਹਾ ਸੀ।
 
 
ਮਾਘੀ ਦੀ ਸੰਗ੍ਰਾਂਦ ਅਤੇ ਅਜ ਦੇ ਸਿੱਖ- ਮਾਘੀ ਦੀ ਸੰਗ੍ਰਾਂਦ ਦਾ ਵਿਸ਼ੇਸ਼ ਮਹਾਤਮ ਲੈਣ ਵਾਸਤੇ ਪੰਥ ਦਾ ਵੱਡਾ ਹਿੱਸਾ ਅਜ ਮੁਕਤਸਰ ਸਾਹਿਬ ਦੇ ਇਸ਼ਨਾਨਾਂ ਵਿਚ ਰੁੱਝਾ ਪਿਆ ਹੈ। ਠੀਕ ਉਨ੍ਹਾਂ ਹੀ ਲੀਹਾਂ ਤੇ, ਜਿਨ੍ਹਾਂ ਤੇ ਬ੍ਰਹਾਮਣ ਨੇ ਹਿੰਦੂ ਜਨਤਾ ਨੂੰ ਪ੍ਰਯਾਗ ਦੇ ਇਸ਼ਨਾਨਾਂ ਵਾਲੇ ਭਰਮ ਜਾਲ ਵਿਚ ਉਲਝਾਇਆ ਹੋਇਆ ਹੈ। ਸ਼ਰਾਰਤੀ ਲੋਕਾਂ ਨੇ ਤਾਂ ਰਲਗੱਡ ਕਰਕੇ, ਮਈ ਮਹੀਨੇ ਦੀ ਘਟਨਾ ਸਾਕਾ ਮੁਕਤਸਰ ਨੂੰ ਲਿਆ ਇਥੇ ਜੋੜਿਆ ਹੈ। ਕਿਉਂਕਿ ਇੱਕ ਸੰਗ੍ਰਾਂਦ ਨਾਲ ਜੋੜ ਕੇ ਸੰਗਤਾਂ ਨੂੰ ਬਾਕੀ ਸੰਗ੍ਰਾਂਦਾ ਵਿਚ ਉਲਝਾਉਣਾ ਸੌਖਾ ਸੀ ਅਤੇ ਉਹ ਹੋਇਆ ਪਿਆ ਹੈ।
 
ਕੁਝ ਮਾਘੀ ਦੀ ਸੰਗ੍ਰਾਂਦ ਬਾਰੇ- ਬਾਰਹਮਾਹਾ ਮਾਝ ਦੇ ਬਾਹਰਵੇਂ ਬੰਦ ਦੇ ਦਰਸ਼ਨ ਕਰੀਏ, ਗੁਰੂ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਇਹ ਭਾਈ! ਪ੍ਰਯਾਗ ਆਦਿ ਤੀਰਥਾਂ ਦੇ ਇਸ਼ਨਾਨ ਅਤੇ ਉਥੇ ਜਾਕੇ ਬ੍ਰਾਹਮਣਾਂ ਨੂੰ ਕੀਤੇ ਦਾਨ ਪੁੰਨ ਤੇਰੇ ਕਿਸੇ ਕੰਮ ਨਹੀਂ ਆਉਣੇ। ਤੇਰੇ ਵਾਸਤੇ ਇਕੋ ਹੀ ਕੰਮ ਜ਼ਰੂਰੀ ਹੈ ਸਾਧ ਸੰਗਤ ਵਿਚ ਸ਼ਾਮਲ ਹੋਕੇ ਗੁਰੂ ਉਪਦੇਸ਼ ਰਾਹੀਂ ਪ੍ਰਭੁ ਦੀ ਸਿਫਤ ਸਲਾਹ ਨਾਲ ਜੁੜਨਾ ਅਤੇ ਉਸ ਤੋਂ ਪ੍ਰਾਪਤ ਚੰਗੇ ਸੰਸਕਾਰਾਂ ਨੂੰ ਲੋਕਾਈ ਵਿਚ ਵੰਡਣਾ। ਇਹੀ ਹੈ ਨਾਮ ਦਾ ਇਸ਼ਨਾਨ ਅਤੇ ਦੂਜਿਆਂ ਵਾਸਤੇ ਸੱਚਾ ਦਾਨ। ਇਹੀ ਹੈ ਅਸਲ ਵਿਚ ਜੀਅ ਦਇਆ ਜਿਸ ਨਾਲ ਤੇਰੀ ਜਨਮਾਂ ਜਨਮਾਂ ਦੀ ਮੈਲ ਵੀ ਉਤਰ ਜਾਵੇਗੀ। ਇਹੀ ਇਕੋ ਢੰਗ ਹੈ, ਜੀਵਨ ਵਿਚੋਂ ਵਿਕਾਰਾਂ ਨੂੰ ਖ਼ਤਮ ਕਰਕੇ ਪਰੋਪਕਾਰੀ ਜੀਵਨ ਪ੍ਰਾਪਤ ਕਰਨ ਦਾ। ਹੁਨ ਇਸੇ ਮਾਘ ਵਾਲੇ ਬੰਦ ਦੇ ਰਾਗ ਤੁਖਾਰੀ ਵਿਚੋਂ ਵੀ ਦਰਸ਼ਨ ਕਰਕੇ ਦੇਖ ਲਵੋ, ਠੀਕ ਇਸੇ ਤਰੀਕੇ ਨਾਲ ਇਹੀ ਮਜ਼ਮੂਨ ਪਹਿਲੇ ਪਾਤਸ਼ਾਹ ਨੇ ਓੁਥੇ ਨਿਭਾਇਆ ਹੈ। ਖੂਬੀ ਇਹ ਹੈ ਕਿ ਬਾਰਹਮਾਹਾ ਵਿਚੋਂ ਜੇਠ, ਅਸਾੜ, ਭਾਦੁਇ ਅਤੇ ਮਾਘ ਦੀਆਂ ਇਨ੍ਹਾਂ ਮਿਸਾਲਾਂ ਵਿਚ ਪਾਤਸ਼ਾਹ ਨੇ ਕਿੱਧਰੇ ਵੀ ਮਹੀਨੇ ਦੇ ਪਹਿਲੇ ਦਿਨ ਜਾਂ ਅਖੋਤੀ ਸੰਗ੍ਰਾਂਦ ਦੇ ਮਹਾਤਮ ਦੀ ਗਲ ਨਹੀਂ ਮੰਨੀ। ਬਲਕਿ ਤੀਹਾਂ ਦਿਨਾ ਵਾਸਤੇ ਹੀ ਕਰਨੀ ਦੀ ਗੱਲ ਸਮਝਾਈ ਹੈ।
 
ਬਾਣੀਆਂ ਬਾਰਹ ਮਾਹਾ ਅਤੇ ਅਸੀਂ- ਹੈਰਾਨੀ ਤਾਂ ਇਸ ਗਲ ਦੀ ਹੈ ਕਿ ਬਾਣੀ ਦੇ ਜਿਸ 'ਬਾਰਹ ਮਾਹਾ' ਵਾਲੇ ਅੰਗ ਦੀ ਰਚਨਾ ਕਰਕੇ ਪਾਤਸ਼ਾਹ ਨੇ ਸਾਨੂੰ ਸੰਗ੍ਰਾਂਦਾਂ ਅਤੇ ਥਿੱਤਾਂ ਵਾਰਾਂ ਦੇ ਬ੍ਰਾਹਮਣੀ ਜਾਲ ਵਿਚੋਂ ਕੱਢਿਆ ਹੈ। ਉਸੇ ਹੀ ਰਚਨਾ ਨੂੰ ਆਧਾਰ ਬਣਾਕੇ, ਗੁਰੂ ਉਪਦੇਸ਼ ਦੇ ਉਲਟ, ਲੋਕਾਈ ਨੂੰ ਬ੍ਰਾਹਮਣੀ ਲੀਹਾਂ ਤੇ ਲੁਟਣ ਦੇ ਆਹਰ ਵਿਚ ਅਜ ਅਸੀਂ ਵੀ ਲਗੇ ਹੋਏ ਹਾਂ। ਇੱਤਨਾ ਹੀ ਨਹੀਂ ਬਲਕਿ ਵਿਰਾਸਤ ਦਰ ਵਿਰਾਸਤ ਇਹੀ ਵਿਪਰਨ ਦੀਆਂ ਰੀਤਾਂ ਪੁਸ਼ਤਾਂ ਨੂੰ ਦੇ ਵੀ ਕੇ ਸਿੱਖੀ ਵਿਚੋਂ ਪਤਿਤ ਕਰਨ ਦਾ ਕਾਰਣ ਬਨੇ ਹੋਏ ਹਾਂ ਪਰ ਫਿਰ ਵੀ ਸਚਾਈ ਨਾਲ ਜੁੜਨ ਨੂੰ ਤਿਆਰ ਨਹੀਂ। ਇਸ ਅਵਸਥਾ ਵਿਚ ਅਸੀਂ ਭਾਵੇਂ ਅਪਣੇ ਆਪ ਨੂੰ ਕਿੱਤਨੇ ਵੱਡੇ ਸਿੱਖ ਕਹਿੰਦੇ, ਪ੍ਰਚਾਰਦੇ ਜਾਂ ਅਖਵਾਉਂਦੇ ਫਿਰੀਏ, ਪਾਤਸ਼ਾਹ ਦਾ ਸਾਡੇ ਵਾਸਤੇ ਇਹੀ ਫੈਸਲਾ ਹੈ-
"ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ" (ਪੰ: 651)
 
ਅਗੋ ਦੇ ਜੇ ਚੇਤੀਐ ਤਾਂ - ਅਜ ਸੰਸਾਰ ਦੇ ਹਰ ਹਿੱਸੇ ਵਿਚ ਪੰਥਕ ਦਰਦੀ ਅਤੇ ਸੂਝਵਾਨ ਸੱਜਣ ਬੈਠੇ ਹਨ। ਅਜਿਹੇ ਦਰਦੀ ਅਤੇ ਸੂਝਵਾਨ ਸੱਜਣ ਸਾਡੇ ਪ੍ਰਬੰਧਕ, ਪ੍ਰਚਾਰਕ ਵੀਰਾਂ ਵਿਚ ਅਤੇ ਆਮ ਸੰਗਤਾਂ ਵਿਚ ਹਰ ਪਾਸੇ ਮੌਜੂਦ ਹਨ। ਆਓ! ਉੱਦਮ ਕਰੀਏ ਅਤੇ ਪੰਥ ਦੀ ਇਸ ਕਰੀਮ ਨੂੰ ਇਕ ਦੂਜੇ ਦੇ ਨੇੜੇ ਆਕੇ ਵਰਤੀਏ। ਇਸਤਰ੍ਹਾਂ ਹੋਰਨਾਂ ਨੂੰ ਵੀ ਖਿੱਚ ਪਾਉਣ ਦਾ ਅਤੇ ਇਕ-ਦੂਜੇ ਦੇ ਨੇੜੇ ਲਿਆਉਣ ਦਾ ਕਾਰਣ ਬਣੀਏ। ਪੰਥ ਨੂੰ ਗੁਰਦੁਆਰਿਆਂ ਵਿਚ ਲੱਟਕੇ ਇਨ੍ਹਾਂ ਸੰਗ੍ਰਾਂਦਾਂ-ਮਸਿਆਵਾਂ-ਪੂਰਨਮਾਸ਼ੀਆਂ ਦੇ ਕਾਲੇ ਬੋਰਡਾਂ ਦੇ ਕੋੜ੍ਹ ਤੋਂ ਨਜਾਤ ਦੁਆਈਏੇ। ਇਸ ਸਚ ਵਾਲੇ ਪਾਸੇ ਅਪਣਾ ਕਦਮ ਅਗੇ ਵਧਾਓ! ਪਾਤਸ਼ਾਹ ਆਪ ਬਹੁੜੀ ਕਰਣਗੇ। ਜੁਰੱਤ, ਦਲੀਲ ਅਤੇ ਪਿਆਰ ਨਾਲ ਗੁਰੂ ਦੀ ਗਲ ਨੂੰ ਸੰਗਤਾਂ ਤੀਕ ਪਹੁੰਚਾਣ ਵਾਲੇ ਮਿੱਠਬੋਲੜੇ ਬਣੀਏ ਅਤੇ ਅਪਣੇ ਵਰਗੇ ਹੋਰ ਨਵੇਂ ਤਿਆਰ ਕਰੀਏ। ਹੱਥਲੇ ਗੁਰਮੱਤ ਪਾਠ ਨੂੰ ਸੈਂਟਰ ਪਾਸੋਂ ਲਾਗਤ ਮਾਤ੍ਰ ਭੇਟਾ ਤੇ ਮੰਗਵਾਕੇ ਸੰਗਤਾਂ ਵਿਚ ਵੱਧ ਤੋਂ ਵੱਧ ਜਾਗਰਿਤੀ ਪੈਦਾ ਕਰੀਏ। ਯਕੀਣਨ ਉਹ ਦਿਨ ਦੂਰ ਨਹੀਂ ਜਦੋਂ ਤੀਹ ਦਿਨ ਹੀ ਸੰਗਤਾਂ ਗੁਰਦੁਆਰੇ, ਗੁਰ ਉਪਦੇਸ਼ ਸੁਨਣ ਵਾਸਤੇ ਪੁਜਣ। ਸਾਨੂੰ ਇਹ ਚੇਤਾ ਹੀ ਭੁਲ ਜਾਵੇ ਕਿ ਸੰਗ੍ਰਾਂਦ ਕਦੋਂ, ਮਸਿਆ ਕਦੋਂ ਅਤੇ ਪੂਰਨਮਾਸ਼ੀ ਕਦੋਂ ਹੈ। ਪੰਥ ਇਨ੍ਹਾਂ ਥਿੱਤਾਂ ਵਾਰਾਂ ਦੀ ਦਲਦਲ ਵਿਚੋਂ ਨਿਕਲ ਜਾਵੇਗਾ। ਜਿਹੜੀਆਂ ਪ੍ਰਬੰਧਕ ਕਮੇਟੀਆਂ ਜਾਂ ਜਥੇਬੰਦੀਆ ਪੂਰਨਮਾਸ਼ੀਆਂ, ਮੱਸਿਆਵਾਂ ਦੇ ਲੇਬਲ ਹੇਠ ਅਪਣਾ ਮਹੀਨਾ ਵਾਰੀ ਪ੍ਰੋਗਰਾਮ ਕਰਦੀਆਂ ਹਨ ਉਨ੍ਹਾਂ ਦੀ ਸੇਵਾ ਵਿਚ ਵੀ ਬੇਨਤੀ ਹੈ ਕਿ ਇਸ ਅਗਿਆਨਤਾ ਦੇ ਜੂਲੇ ਵਿਚੋਂ ਨਿਕਲਕੇ ਪ੍ਰਚਲਤ ਅੰਗ੍ਰੇਜ਼ੀ ਮਹੀਨਿਆਂ ਦੀ ਕੋਈ ਤਾਰੀਖ ਜਾਂ ਵਿਸ਼ੇਸ਼ ਹਫਤਾ ਪੱਕਾ ਕਰ ਲਈਏ ਤਾਂ ਇਹ ਜ਼ਿਆਦਾ ਠੀਕ ਰਵੇਗਾ। ਇਸਤਰ੍ਹਾਂ ਸੰਗਤਾਂ ਨੂੰ ਵਿਸ਼ੇਸ਼ ਸਮਾਗਮ ਵਾਲਾ ਦਿਨ ਵੀ ਚੇਤੇ ਰਖਨ ਵਿਚ ਦਿੱਕਤ ਨਹੀਂ ਆਵੇਗੀ। ਪਾਤਸ਼ਾਹ ਦਾ ਫ਼ੁਰਮਾਨ ਹੈ:
 
"ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ" (ਪੰ:417)
 
 
Matter taken from