Tuesday, November 27, 2012

ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ



ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ, ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪਿਤਾ ਸ੍ਰੀ ਮਹਿਤਾ ਕਾਲੂ (ਬੇਦੀ ਪਰਿਵਾਰ) ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ੧੪੬੯ ਈ. ਵਿੱਚ ਰਾਇ ਭੋਇ ਕੀ ਤਲਵੰਡੀ ਵਿਖੇ ਹੋਇਆ ! ਇਸ ਕਸਬੇ ਦਾ ਪਹਿਲਾ ਨਾਮ ਰਾਇਪੁਰ ਸੀ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਧਾਰਨ ਉਪਰੰਤ ਨਨਕਾਣਾ ਸਾਹਿਬ ਨਾਲ ਪ੍ਰਚਲਿੱਤ ਹੋਇਆ ! ਇਹ ਅਸਥਾਨ ਪਾਕਿਸਤਾਨ ਵਿੱਚ ਹੈ !
ਗੁਰੂ ਸਾਹਿਬ ਜੀ ਦਾ ਪੂਰਨ ਜੀਵਨ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੇ ਸਿਖ-ਸਿਧਾਂਤ ਦੀ ਛੋਹ ਦਿੰਦਾ ਹੈ !
ਮਨੁੱਖੀ ਏਕਤਾ, ਬਰਾਬਰਤਾ ਅਤੇ ਧਾਰਮਿਕ ਸਹਿ-ਹੋਂਦ ਹੀ ਗੁਰੂ ਸਾਹਿਬ ਜੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਸੀ !
ਗੁਰੂ ਸਾਹਿਬ ਜੀ ਨੇ ਸਿੱਖ ਧਰਮ ਨੂੰ ਸਿਰਫ ਅਧਿਆਤਮਿਕਤਾ ਤੱਕ ਹੀ ਸੀਮਤ ਨਾ ਰਖਦੇ ਹੋਏ ਸਮਪੂਰਣ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਬਣਾਇਆ ! ਆਪ ਜੀ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਆਤਮ-ਨਿਰਭਰ ਅਤੇ ਸਵੈਮਾਣ ਵਾਲਾ ਜੀਵਨ ਜਿਉਣ ਦੇ ਯੋਗ ਬਣਾਇਆ !
ਗੁਰੂ ਸਾਹਿਬ ਜੀ ਦੇ ਜੀਵਨ ਕਾਲ ਚਲਦੇ ਹਿੰਦੁਸਤਾਨ ਵਿੱਚ ਕਾਜੀਆਂ, ਜੋਗੀਆਂ ਅਤੇ ਬ੍ਰਾਹਮਣਾਂ ਦਾ ਬੋਲਬਾਲਾ ਸੀ ਜੋ ਕਿ ਲੋਕਾਈ ਨੂੰ ਧਰਮ ਦੇ ਨਾਮ ਤੇ ਲਤਾੜ ਰਹੇ ਸਨ ! ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਧਰਮ ਤੋਂ ਸੱਖਣੇ ਦਸਦੇ ਹੋਏ ਜਿਕਰ ਕੀਤਾ :
  ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ (ਅੰਗ-੬੬੨)

ਬ੍ਰਾਹਮਨਵਾਦ ਦੇ ਵਧਦੇ ਪ੍ਰਭਾਵ ਹੇਠ ਇਸਤਰੀ ਦੀ ਹਾਲਤ ਖੁੰਟੀ ਨਾਲ ਬੰਨੇ ਹੋਏ ਲਵੇਰੇ ਨਾਲੋਂ ਘੱਟ ਨਹੀਂ ਸੀ ! ਇਸਤਰੀ ਨੂੰ ਪੈਰ ਦੀ ਜੁੱਤੀ ਸਮਾਨ ਮੰਨਿਆ ਜਾਂਦਾ ਸੀ ! ਉਸਨੂੰ ਪਰਦੇ ਤੋਂ ਬਾਹਰ ਦੀ ਵੀ ਇਜਾਜ਼ਤ ਨਹੀਂ ਸੀ ! ਇਥੋਂ ਤੱਕ ਕਿ ਪਤੀ (ਜਿਸ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਜਾਂਦਾ ਹੈ ਹਿੰਦੁਸਤਾਨ ਵਿੱਚ) ਦੇ ਮਾਰ ਜਾਂ ਉਪਰੰਤ ਇਸਤਰੀ ਨੂੰ ਸਤਿ ਕਰਨ ਦਾ ਵੀ ਰਿਵਾਜ਼ ਸੀ ! ਬੱਚੇ ਦੇ ਜਨਮ ਪਿਛੋਂ ਇਸਤਰੀ ਸ਼ੂਦਰ ਅਤੇ ਹੋਰ ਅਨੇਕਾ ਵਹਿਮ-ਭਰਮ ਕੀਤੇ ਜਾਂਦੇ ਅਤੇ ਇਸਤਰੀ ਨੇ ਵੀ ਸਮੇਂ ਦੀ ਚਾਲ ਵੇਖਦੇ ਹੋਏ ਇਸ ਜਮਾਂਦਰੂ ਅਧੀਨਗੀ ਨੂੰ ਸਵੀਕਾਰ ਕਰ ਲਿਆ ਸੀ !
ਗੁਰੂ ਸਾਹਿਬ ਜੀ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ਤੇ ਬਹਾਲ ਕਰਦੇ ਹੋਏ ਇਸਤਰੀ ਨੂੰ ਪੁਰਸ਼ ਦੇ ਬਰਾਬਰ ਹੋਣ ਦਾ ਦਰਜਾ ਕੀਤਾ, ਸੂਤਕ-ਪਾਤਕ, ਸਤਿ ਪ੍ਰਥਾ ਨੂੰ ਖਤਮ ਕੀਤਾ ! ਗੁਰੂ ਸਾਹਿਬ ਜੀ ਨੇ ਇਸਤਰੀ ਦੇ ਮਾਨ-ਸਤਿਕਾਰ ਅਤੇ ਵਡਿਆਈ ਦੇ ਹਕ਼ ਵਿੱਚ ਆਪਣੀ ਆਵਾਜ਼ ਪੂਰ-ਜੋਰ ਬੁਲੰਦ ਕੀਤੀ ਅਤੇ ਗੁਰਬਾਣੀ ਵਿੱਚ ਫੁਰਮਾਨ ਦਿੱਤਾ :

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥  (ਅੰਗ-੪੭੩)


ਗੁਰੂ ਸਾਹਿਬ ਨੇ ਜਿਥੇ ਇਸਤਰੀ ਦੇ ਨਾਮ ਮਰਿਆਦਾ ਲਈ ਅਨੇਕਾ ਯਤਨ ਕੀਤੇ, ਓਥੇ ਹੀ ਆਪ ਜੀ ਨੇ ਊਚ-ਨੀਚ, ਜਾਤ-ਪਾਤ ਦੇ ਵੰਡ-ਵਿਤਕਰੇ ਦੀ ਵੀ ਨਿਖੇਦੀ ਕੀਤੀ ! ਆਪ ਜੀ ਨੇ ਕੇਵਲ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਇਸ ਕਥਨ ਉੱਤੇ ਅਮਲ ਕਰਦੀਆਂ ਪਹਿਰਾ ਵੀ ਦਿੱਤਾ ! ਆਪ ਜੀ ਨੇ ਗੁਰਬਾਣੀ ਵਿੱਚ ਫੁਰਮਾਇਆ ਹੈ :
  ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ” (ਅੰਗ-੧੫)

ਗੁਰੂ ਸਾਹਿਬ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ! ਲੋਕਾਈ ਨੂੰ ਮੂਲ-ਮੰਤਰ ਬਖਸ਼ਦੇ ਹੋਏ ਪਰਮਾਤਮਾ ਦੇ ਸੱਚੇ ਸਰੂਪ ਦੀ ਵਿਆਖਿਆ ਕੀਤੀ ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਵੀ ਦਸਿਆ !
ਗੁਰੂ ਜੀ ਨੇ ਕਿਹਾ ਕਿ ਨਾਮ ਸਿਮਰਨ ਦੁਆਰਾ ਹਿਰਦਾ ਵਿਕਾਰਾਂ ਰਹਿਤ ਹੋ ਜਾਂਦਾ ਹੈ ਅਤੇ ਮਨ ਸਦਾ ਜਾਗ੍ਰਿਤ ਰਹਿੰਦਾ ਹੈ ! ਜਿਹੜਾ ਮਨੁੱਖ ਉਸ ਅਕਾਲ-ਪੁਰਖ ਵਿੱਚ ਆਪਣਾ ਚਿੱਤ ਟਿਕੀ ਰਖਦੇ ਹਨ, ਉਹ ਸਦਾ ਉਸ ਪਰਮਾਤਮਾ ਵਿੱਚ ਅਭੇਦ ਰਹਿੰਦੇ ਹਨ ਅਤੇ ਸਚਚ ਦੇ ਮਾਰਗ ਤੇ ਚਲਦੇ ਹੋਏ ਸਰਬਤ ਦੇ ਭਲੇ ਲਈ ਜੀਵਨ ਬਤੀਤ ਕਰਦੇ ਹਨ !
  ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ” (ਅੰਗ-੮)

ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਨਹੁੰਆਂ ਦੀ ਕੀਰਤ-ਕਮਾਈ ਕਰਨ ਅਤੇ ਵੰਡ ਕੇ ਛਕਣ ਲਈ ਲੋਕਾਂ ਨੂ ਸੇਧ ਬਖਸ਼ੀ ! ਉਸ ਸਮੇਂ ਊਚ-ਨੀਚ ਦੇ ਭੇਦ-ਭਾਵ ਹੇਠ ਲੋਕਾਂ ਨੂੰ ਲਤਾੜਦੇ ਹੋਏ ਉਹਨਾਂ ਦੀ ਕਮਾਈ ਉੱਤੇ ਐਸ਼, ਧਰਮ-ਕਰਮ ਕੀਤਾ ਜਾਂਦਾ ਸੀ, ਦਾਨ ਪੁੰਨ ਦੇ ਨਾਮ ਤੇ ਧੰਨ, ਰਿਜਕ, ਆਦਿ ਜ਼ਬਰਦਸਤੀ ਲਿਆ ਜਾਂਦਾ ਸੀ !
ਗੁਰੂ ਸਾਹਿਬ ਨੇ ਇਹਨਾਂ ਸਭ ਨੂੰ ਰੋਕਦੇ ਹੋਏ ਸੱਚੀ-ਸੁੱਚੀ ਕਿਰਤ ਕਰਨ ਤੇ ਜੋਰ ਦਿੱਤਾ ! ਨਾਲ ਹੀ ਆਪ ਜੀ ਨੇ ਇਸ ਨੇਕ ਕਿਰਤ-ਕਮਾਈ ਵਿਚੋਂ ਵੰਡ ਕੇ ਛਕਣ ਲਈ ਵੀ ਕਿਹਾ !
 ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ ” (ਅੰਗ-੧੨੪੫)
ਗੁਰੂ ਸਾਹਿਬ ਦੇ ਇਸ ਕਥਨ ਅਨੁਸਾਰ ਕਿਸੇ ਵੀ ਲਾਲਚ ਅਧੀਨ ਨਾ ਰਹਿ ਕੇ ਵੰਡ ਕੇ ਛਕਣਾ ਹੀ ਅਸਲ ਸੇਵਾ ਹੈ ! ਅਤੇ ਵੰਡ ਕੇ ਛਕਣ ਲਈ ਹਾਥੀ ਕਿਰਤ ਕਰਨ ਨੂੰ ਗੁਰੂ ਸਾਹਿਬ ਜੀ ਨੇ ਲਾਜ਼ਮੀ ਕੀਤਾ ਹੈ !
ਘਾਲਿ ਖਾਇ : ਹਾਥੀ ਮਹਿਨਤ ਕਰਕੇ
ਕਿਛੁ ਹਥਹੁ ਦੇਇ : ਕਿਸੇ ਵਿਅਕਤੀਗਤ ਲਾਭ ਯਾ ਨਿਜੀ-ਹਿੱਤ ਲਈ ਨਹੀਂ ਸਗੋਂ ਸਰਬਤ ਦੇ ਭਲੇ ਲਈ ਵੰਡ ਕੇ ਛਕਣਾ ਹੈ



ਇਸ ਪ੍ਰਕਾਰ ਗੁਰੂ ਸਾਹਿਬ ਨੇ ਪੂਰੇ ਜਗਤ ਨੂੰ ਇਹਨਾਂ ਅਨੇਕਾਂ ਵਹਿਮਾਂ-ਭਰਮਾਂ ਦੇ ਬੁਲੇਖੇ ਚੋਂ ਕਢਦੇ ਹੋਏ ਉਦਾਸੀਆਂ ਕੀਤੀਆਂ ਅਤੇ ਹਰ ਉਪਦੇਸ਼ ਉੱਤੇ ਪਹਿਰਾ ਦਿੰਦੇ ਹੋਏ ਆਪ ਵੀ ਅਮਲ ਕੀਤਾ !
ਆਓ ਅਸੀਂ ਸਭ ਵੀ ਗੁਰੂ ਸਾਹਿਬ ਦੀ ਕੀਤੀ ਇਸ ਘੋਲ-ਕਮਾਈ ਉੱਤੇ ਤੁਰਨ ਦਾ ਉਪਰਾਲਾ ਕਰਦੇ ਹੋਏ ਗੁਰੂ ਦੇ ਸੱਚੇ ਕਿਰਤੀ ਸਿੱਖ ਅਖਵਾਈਏ !!


Monday, November 26, 2012

ਸੀਸ ਦੀਆ ਪਰ ਸਿਰਰੁ ਨਾ ਦੀਆ




ਸਿੱਖ ਧਰਮ ਦੀ ਵਿਲੱਖਣਤਾ ਇਹ ਹੈ ਕਿ ਜਿੱਥੇ ਇਸ ਧਰਮ ਵਿਚ ਬੁੱਤ ਪੂਜਾ, ਊਚ-ਨੀਚ, ਜਾਤ-ਪਾਤ ਦਾ ਖੰਡਨ ਕੀਤਾ ਗਿਆ ਉਥੇ ਇਸ ਧਰਮ ਦੇ ਅਨੁਯਾਈਆਂ ਨੇ ਲੋਕਾਂ ਨੂੰ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦਾ ਅਤੇ ਅਣਖ ਨਾਲ ਜਿਉਣ ਦਾ ਪਾਠ ਵੀ ਪੜ੍ਹਾਇਆ ਹੈ
ਹਿੰਦੋਸਤਾਨ ਉਤੇ ਕਦੇ ਅਫਗਾਨੀਆਂ ਨੇ ਅਤੇ ਕਦੇ ਤੁਰਕਾਂ ਨੇ ਲਗਾਤਾਰ ਹਮਲੇ ਕੀਤੇ ਪਰ ਇਥੋਂ ਦੀ ਜਨਤਾ ਉਨ੍ਹਾਂ ਜ਼ੁਲਮਾਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਸਮਝ ਕੇ ਜਾਂ ਰੱਬ ਜੋ ਕਰਦਾ ਹੈ ਠੀਕ ਕਰਦਾ ਹੈ, ਮੰਨ ਕੇ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ। ਇਕ ਤਾਂ ਬਾਹਰਲੇ ਧਾੜਵੀ ਲੋਕਾਂ ਨੂੰ ਲੁੱਟ ਰਹੇ ਸਨ
ਦੂਜੇ ਨੰਬਰ ਤੇ ਆਉਣ ਵਾਲੇ ਖੱਤਰੀ ਜਿਹੜੇ ਜ਼ਿੰਦਗੀ ਵਧੀਆ ਜਿਉਂਦੇ ਸਨ ਪਰ ਬ੍ਰਾਹਮਣਾਂ ਜਿੰਨੇ ਅਧਿਕਾਰ ਖੱਤਰੀਆਂ ਨੂੰ ਨਹੀਂ ਸਨ। ਸਭ ਤੋਂ ਮਾੜੀ ਹਾਲਤ ਸੀ ਸ਼ੂਦਰਾਂ ਦੀ, ਇਹੋ ਜਿਹੇ ਸਮੇਂ ਵਿਚ ਏਕਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਸ਼ੂਦਰ ਅਤੇ ਵੈਸ਼ ਤਾਂ ਨੌਕਰ ਸਨ ਭਾਵੇਂ ਬ੍ਰਾਹਮਣਾਂ ਦਾ ਰਾਜ ਹੋਵੇ ਜਾਂ ਤੁਰਕਾਂ ਦਾ। ਇਕ ਪਾਸੇ ਇੰਨੇ ਜ਼ੁਲਮ ਹੋ ਰਹੇ ਸਨ ਪਰ ਦੂਜੇ ਪਾਸੇ ਜਿਨ੍ਹਾਂ ਕੋਲ ਭਗਤੀ ਦੇ ਅਧਿਕਾਰ ਸਨ, ਅੱਖਾਂ ਬੰਦ ਕਰਕੇ ਪਹਾੜਾਂ ਜਾਂ ਜੰਗਲਾਂ ਵਿਚ ਸਮਾਧੀਆਂ ਲਾਈ ਬੈਠੇ ਸਨ ਜਿਵੇਂ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੈ ਮਤਲਬ ਕਿ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੀ ਬਜਾਏ ਜ਼ੁਲਮ ਨੂੰ ਖਿੜੇ ਮੱਥੇ ਸਹਿਣਾ ਲੋਕਾਂ ਦੀ ਆਦਤ ਬਣ ਚੁੱਕੀ ਸੀ ਜਾਂ ਕਹਿ ਲਓ ਕਿ ਗੈਰਤ ਮਰ ਚੁੱਕੀ ਸੀ।
ਉਸ ਵਕਤ ਜਨਮ ਲਿਆ ਸੀ ਇਕ ਕਰਾਂਤੀਕਾਰੀ ਮਨੁੱਖ ਬਾਬੇ ਨਾਨਕ ਨੇ, ਉਨ੍ਹਾਂ ਦੇਖਿਆ ਕਿ ਇਹ ਲੋਕ ਤਾਂ ਚੁੱਪ ਚਾਪ ਬਾਬਰ ਦੇ ਜ਼ੁਲਮਾਂ ਨੂੰ ਸਹਿ ਰਹੇ ਹਨ, ਉਨ੍ਹਾਂ ਅਵਾਜ਼ ਬੁਲੰਦ ਕੀਤੀ ਸੀ,
ਭਾਵ ਬਾਬੇ ਨਾਨਕ ਨੇ ਬਿਨਾਂ ਕਿਸੇ ਡਰ, ਭੈਅ ਦੇ ਬਾਬਰ ਦੀ ਫੌਜ ਨੂੰ ਪਾਪ ਦੀ ਜੰਞ ਕਹਿ ਕੇ ਵੰਗਾਰਿਆ, ਸੁੱਤੇ ਹੋਏ ਲੋਕਾਂ ਨੂੰ ਹਲੂਣਿਆ ਅਤੇ ਜ਼ੁਲਮ ਖਿਲਾਫ਼ ਲੜਨ ਦਾ ਬੀੜਾ ਚੁੱਕਿਆ। ਇਸ ਰਸਤੇਤੇ ਚੱਲਦੇ ਹੋਏ ਨਾਨਕ ਘਰ ਦੇ ਨੌਵੇਂ ਵਾਰਿਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਖੀ ਲੋਕਾਂ ਦੀ ਬਾਂਹ ਫੜੀ ਅਤੇ ਸੀਸ ਦੀਆ ਪਰ ਸਿਰਰੁ ਨਾ ਦੀਆਦੇ ਮਹਾਂਵਾਕ ਨੂੰ ਦ੍ਰਿੜ੍ਹ ਕਰਦਿਆਂ ਆਪਣਾ ਸਭ ਕੁਝ ਲੋਕਾਂ ਲਈ ਵਾਰ ਦਿੱਤਾ ਅਤੇ ਇਸ ਘਟਨਾ ਨੇ ਲੋਕਾਂ ਅੰਦਰ ਇਕ ਨਵੀਂ ਰੂਹ ਜਾਗ੍ਰਿਤ ਕੀਤੀ ਜੋ ਕਿ 1699 ਦੀ ਵਿਸਾਖੀ ਨੂੰ ਇਕ ਨਵਾਂ ਰੂਪ ਅਖਤਿਆਰ ਕਰਕੇ ਖਾਲਸਾ ਪੰਥ ਦੇ ਰੂਪ ਵਿਚ ਪ੍ਰਗਟ ਹੋਈ।
ਸ੍ਰੀ ਗੁਰੂ ਤੇਗ ਬਹਾਦਰ ਦਾ ਜਨਮ 21 ਅਪਰੈਲ, 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਤੇਗ ਮੱਲ ਸੀ ਪਰ ਆਪ ਨੇ ਕਰਤਾਰਪੁਰ ਦੀ ਜੰਗ ਵਿਚ ਆਪਣੀ ਤੇਗ ਦੇ ਉਹ ਜੌਹਰ ਵਿਖਾਏ ਜਿਸ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਜੀ ਦਾ ਨਾਂ ਤੇਗ ਬਹਾਦਰ ਰੱਖਿਆ। ਆਪ ਸੱਚੇ ਦਿਲੋਂ ਰੱਬ ਨੂੰ ਧਿਆਉਂਦੇ ਅਤੇ ਇਕ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਦੇ ਸਨ। ਇਹੀ ਕਾਰਨ ਸੀ ਕਿ ਮੱਖਣ ਸ਼ਾਹ ਲੁਬਾਣਾ ਜਿਸ ਨੂੰ ਅਸਲੀ ਗੁਰੂ ਦਾ ਅਹਿਸਾਸ ਹੋਇਆ ਸੀ। ਜਦੋਂ ਗੁਰੂ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਵੇਲੇ ਧੀਰ ਮੱਲੀਆਂ ਅਤੇ ਕਈ ਭੇਖੀਆਂ ਨੇ ਵੱਖ-ਵੱਖ ਬਾਈ ਮੰਜੀਆਂ ਸਥਾਪਿਤ ਕਰ ਲਈਆਂ ਅਤੇ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ। ਜਦੋਂ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਲੱਗੇ ਤਾਂ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਗਤ ਦੀ ਵਾਗਡੋਰ ਸੰਭਾਲਣ ਵਾਲਾ ਕੌਣ ਹੈ? ਤਾਂ ਗੁਰੂ ਸਾਹਿਬ ਨੇ ਬਾਬੇ ਬਕਾਲੇ ਵੱਲ ਇਸ਼ਾਰਾ ਕੀਤਾ। ਜਿਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ ਸਨ। ਪਰ ਬਾਬੇ ਬਕਾਲੇ ਦਾ ਨਾਂ ਸੁਣਦਿਆਂ ਹੀ ਕਈ ਪਾਖੰਡੀਆਂ ਨੇ ਆਪਣੇ ਡੇਰੇ ਬਾਬੇ ਬਕਾਲੇ ਲਾ ਲਏ। ਇਹ ਤਾਂ ਮੱਖਣ ਸ਼ਾਹ ਲੁਬਾਣਾ ਸੀ ਜਿਸ ਨੂੰ ਅਹਿਸਾਸ ਹੋਇਆ ਕਿ ਅਸਲੀ ਗੁਰੂ ਤਾਂ ਗੁਰੂ ਤੇਗ ਬਹਾਦਰ ਜੀ ਹਨ ਅਤੇ ਉਸ ਨੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਹੋਕਾ ਲਾਇਆ। ਜਿਸ ਵਕਤ ਗੁਰੂ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਤਾਂ ਆਪ ਜੀ ਦੀ ਉਮਰ ਲਗਪਗ 44 ਸਾਲ ਦੀ ਸੀ। ਗੁਰਿਆਈ ਪ੍ਰਾਪਤ ਕਰਨ ਉਪਰੰਤ ਆਪ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਪਰ ਹਰ ਜੀ ਮੀਣੇ ਨੇ ਦਰਬਾਰ ਸਾਹਿਬ ਦੇ ਕਵਾੜ ਬੰਦ ਕਰ ਦਿੱਤੇ ਤਾਂ ਗੁਰੂ ਸਾਹਿਬ ਨੇ ਇਕ ਦਰਖਤ ਹੇਠ ਦੀਵਾਨ ਸਜਾਇਆ ਅਤੇ ਕੀਰਤਨ ਕੀਤਾ ਜਿਸ ਥਾਂ ਅੱਜਕਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨੇੜੇ ਗੁਰਦੁਆਰਾ ਥੜਾ ਸਾਹਿਬ ਸੁਸ਼ੋਭਿਤ ਹੈ।
ਧੀਰ ਮੱਲ ਕੋਲੋਂ ਗੁਰੂ ਜੀ ਦੀ ਸ਼ੋਭਾ ਜਰੀ ਨਾ ਗਈ ਅਤੇ ਉਸ ਨੇ ਗੁਰੂ ਜੀ ਨੂੰ ਮਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਇਕ ਸ਼ਾਂਤ ਚਿੱਤ ਇਨਸਾਨ ਸਨ। ਉਹ ਨਹੀਂ ਸਨ ਚਾਹੁੰਦੇ ਕਿ ਧੀਰ ਮੱਲੀਆਂ ਨਾਲ ਨਿੱਤ ਦੇ ਲੜਾਈ ਝਗੜੇ ਹੁੰਦੇ ਰਹਿਣ। ਇਸ ਕਰਕੇ ਗੁਰੂ ਸਾਹਿਬ ਕੀਰਤਪੁਰ ਸਾਹਿਬ ਆ ਗਏ (ਉਹ ਸ਼ਹਿਰ ਜਿਸ ਨੂੰ ਬਾਬਾ ਗੁਰਦਿੱਤਾ ਜੀ, ਜੋ ਕਿ ਗੁਰੂ ਸਾਹਿਬ ਦੇ ਭਰਾ ਸਨ, ਜਿਨ੍ਹਾਂ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ ਸੀ, ਨੇ 1630 ਈ. ਵਿਚ ਵਸਾਇਆ ਸੀ)। ਇਥੇ ਆ ਕੇ ਆਪ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਤੋਂ ਜ਼ਮੀਨ ਲੈ ਕੇ ਆਪਣੇ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਨਾਂ ਦਾ ਨਗਰ ਵਸਾਇਆ ਜਿਸ ਨੂੰ ਬਾਅਦ ਵਿਚ ਅਨੰਦਪੁਰ ਸਾਹਿਬ ਆਖਿਆ ਜਾਣ ਲੱਗਾ।
ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਗੁਰੂ ਸਾਹਿਬ ਸੈਫਾਬਾਦ, ਕੈਥਲ, ਪਿਹੋਵਾ, ਕਰਨਖੇੜਾ, ਕੁਰੂਕਸ਼ੇਤਰ, ਮਥਰਾ, ਬਿੰਦਰਾਵਣ ਹੁੰਦੇ ਹੋਏ ਆਗਰੇ ਮਾਈ ਜੱਸੀ ਕੋਲ ਜਾ ਪਹੁੰਚੇ ਜਿੱਥੇ ਅੱਜਕੱਲ੍ਹ ਗੁਰਦੁਆਰਾ ਮਾਈ ਥਾਣ ਸ਼ੁਸੋਭਿਤ ਹੈ। ਆਗਰੇ ਤੋਂ ਬਾਅਦ ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੁਰੂ ਸਾਹਿਬ ਚਾਰ ਮਹੀਨੇ ਪਟਨੇ ਠਹਿਰੇ। ਆਪਣੇ ਪਰਿਵਾਰ ਨੂੰ ਪਟਨੇ ਛੱਡ ਕੇ ਆਪ ਅਗਲੇਰੀ ਯਾਤਰਾ ਤੇ ਤੁਰ ਗਏ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਆਪ ਆਸਾਮ ਵੱਲ ਗਏ ਹੋਏ ਸਨ। ਜਨਮ ਤੋਂ ਕਰੀਬ ਅੱਠ ਮਹੀਨਿਆਂ ਬਾਅਦ ਆਪ ਨੇ ਪਿਆਰੇ ਪੁੱਤਰ ਦੇ ਦਰਸ਼ਨ ਕੀਤੇ। ਜਦੋਂ ਗੁਰੂ ਸਾਹਿਬ ਆਸਾਮ ਵਿਚ ਸਨ ਤਾਂ ਲੋਕ ਇੱਧਰ ਔਰੰਗਜ਼ੇਬ ਦੀ ਨੀਤੀ ਤੋਂ ਬਹੁਤ ਤੰਗ ਸਨ। ਸੋ ਅਜਿਹੇ ਸਮੇਂ ਗੁਰੂ ਜੀ ਆਪਣੇ ਲੋਕਾਂ ਵਿਚ ਰਹਿਣਾ ਚਾਹੁੰਦੇ ਸਨ। ਆਪ ਆਸਾਮ ਤੋਂ ਵਾਪਸ ਪਟਨੇ ਪਹੁੰਚੇ। ਪੁੱਤਰ ਦੇ ਦਰਸ਼ਨ ਕਰਨ ਬਾਅਦ ਅਨੰਦਪੁਰ ਸਾਹਿਬ ਆ ਗਏ। ਕੁਝ ਚਿਰ ਪਿੱਛੋਂ ਸਾਰਾ ਪਰਿਵਾਰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।
ਅਨੰਦਪੁਰ ਸਾਹਿਬ ਵਿਖੇ ਹੀ ਆਪ ਨੇ ਬਾਲਕ ਗੋਬਿੰਦ ਰਾਏ ਨੂੰ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। ਇਕ ਦਿਨ ਅਨੰਦਪੁਰ ਸਾਹਿਬ ਵਿਖੇ ਹੀ ਮਟਨ ਦੇ ਬ੍ਰਾਹਮਣ ਪੰਡਤ ਕ੍ਰਿਪਾ ਰਾਮ ਦੀ ਅਗਵਾਈ ਵਿਚ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸਾਰੀ ਹੱਡ ਬੀਤੀ ਸੁਣਾਈ, ਜੋ ਜ਼ੁਲਮ ਔਰੰਗਜ਼ੇਬ ਕਮਾ ਰਿਹਾ ਸੀ। ਇਹ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ। ਉਸ ਵਕਤ ਬਾਲ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਕੇਵਲ ਨੌਂ ਸਾਲ ਸੀ, ਕੋਲ ਖੜੇ ਸਨ। ਕਹਿਣ ਲੱਗੇ, ‘ਪਿਤਾ ਜੀ ਚੁੱਪ ਕਿਉਂ ਹੋ ਗਏ?’ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਇਨ੍ਹਾਂ ਦੀ ਰੱਖਿਆ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਨੇ ਕਿਹਾ ਕਿ ਪਿਤਾ ਜੀ ਆਪ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਆਪਣੇ ਸਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਜਾਓ ਅਤੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸਾਡਾ ਗੁਰੂ ਧਰਮ ਬਦਲ ਲਵੇ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਜਦੋਂ ਇਸ ਗੱਲ ਦਾ ਪਤਾ ਔਰੰਗਜ਼ੇਬ ਨੂੰ ਲੱਗਿਆ ਤਾਂ ਉਸ ਨੇ ਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਗੁਰੂ ਸਾਹਿਬ ਇਕ ਸ਼ਾਂਤ ਚਿੱਤ ਨਿਮਰਤਾ ਨਾਲ ਭਰਪੂਰ ਇਨਸਾਨ ਤਾਂ ਸਨ ਪਰ ਉਹ ਦੂਜਿਆਂ ਤੇ ਹੁੰਦੇ ਨਾਜਾਇਜ਼ ਧੱਕੇ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ। ਭਾਵੇਂ ਕਿ ਉਨ੍ਹਾਂ ਨੇ ਆਪ ਤਾਂ ਜਨੇਊ ਨਹੀਂ ਪਾਇਆ ਸੀ ਪਰ ਉਹ ਕਿਸੇ ਦਾ ਜਨੇਊ ਉਤਰਦਾ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ। ਉਹ ਤਾਂ ਇਸ ਗੱਲ ਤੇ ਵਿਸ਼ਵਾਸ ਕਰਦੇ ਸਨ:
ਭੈ ਕਾਹੁ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਕਹੁ ਨਾਨਕ ਸੁਣ ਰੇ ਮਨਾ, ਗਿਆਨੀ ਤਾਹਿ ਬਖਾਨਿ।। (ਪੰਨਾ 1427)
ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਲਾਹੌਰ ਦੇ ਗਵਰਨਰ ਨੂੰ ਭੇਜਿਆ ਗਿਆ, ਲਾਹੌਰ ਦੇ ਗਵਰਨਰ ਨੇ ਉਹੀ ਹੁਕਮ ਸਰਹੰਦ ਦੇ ਫੌਜਦਾਰ ਦਿਲਾਵਰ ਖਾਂ ਨੂੰ ਦਿੱਤਾ ਅਤੇ ਦਿਲਾਵਰ ਖਾਂ ਨੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖਾਨ ਕੋਲ ਪਹੁੰਚਾਇਆ ਅਤੇ ਨਾਲ ਹੀ ਇਹ ਹਦਾਇਤ ਕੀਤੀ ਗਈ ਕਿ ਆਮ ਲੋਕਾਂ ਕੋਲੋਂ ਇਸ ਗੱਲ ਦਾ ਲੁਕੋ ਰੱਖਿਆ ਜਾਵੇ। ਇਕ ਦਿਨ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਬਾਹਰ ਜਾਣ ਲਈ ਰੋਪੜ ਦੇ ਨੇੜੇ ਪਿੰਡ ਮਲਕਪੁਰ ਰੰਘੜਾਂ ਵਿਚ ਰਾਤ ਠਹਿਰੇ ਤਾਂ ਸੂਹੀਏ ਨੇ ਇਹ ਖਬਰ ਰੋਪੜ ਦੇ ਕੋਤਵਾਲ ਨੂੰ ਦਿੱਤੀ। ਦਸਮੇਸ਼ ਪ੍ਰਕਾਸ਼ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਬੰਧੀ ਲਿਖਿਆ ਹੈ ਕਿ ਉਨ੍ਹਾਂ ਆਪ ਦਿੱਲੀ ਵਿਚ ਜਾ ਕੇ ਗ੍ਰਿਫਤਾਰੀ ਦਿੱਤੀ ਸੀ। ਸ੍ਰੀ ਸੋਢੀ ਚਮਤਕਾਰ ਵਿਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਆਗਰੇ ਵਿਚ ਦੱਸੀ ਗਈ ਹੈ। ਸਿੱਖ ਇਤਿਹਾਸ (1469-1655) ਵਿਚ ਡਾ. ਗੰਡਾ ਸਿੰਘ ਅਤੇ ਪ੍ਰਿੰ. ਤੇਜਾ ਸਿੰਘ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਰੋਪੜ ਲਾਗੇ ਮਲਕਪੁਰ ਰੰਘੜਾਂ ਵਿਚ ਦੱਸੀ ਹੈ। ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲਿਆਂਦਾ ਗਿਆ। ਇਥੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਔਰੰਗਜ਼ੇਬ ਅੱਗੇ ਪੇਸ਼ ਕੀਤਾ ਗਿਆ। ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਆਪਣੇ ਇਰਾਦੇ ਤੇ ਦ੍ਰਿੜ੍ਹ ਰਹੇ। ਗੁਰੂ ਸਾਹਿਬ ਨੂੰ ਧਮਕਾਉਣ ਲਈ ਪਹਿਲਾਂ ਉਨ੍ਹਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਦੋ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ, ਭਾਈ ਸਤੀ ਦਾਸ ਨੂੰ ਜਿਉਂਦਿਆਂ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਦਿੱਤੀ। ਇੰਨਾ ਕੁਝ ਹੋਣ ਦੇ ਬਾਵਜੂਦ ਆਪ ਅਡੋਲ ਰਹੇ ਅਤੇ ਅਕਾਲ ਪੁਰਖ ਦਾ ਸਿਮਰਨ ਕਰਦੇ ਰਹੇ। ਅੰਤ ਘੜੀ ਆ ਗਈ ਸ਼ਹੀਦ ਹੋਣ ਦੀ। ਕਾਜ਼ੀ ਸ਼ੇਖਲ ਇਸਲਾਮ ਦੇ ਫਤਵੇ ਅਤੇ ਸ਼ਾਹੀ ਮਨਜ਼ੂਰੀ ਨਾਲ ਗੁਰੂ ਜੀ ਨੂੰ 11 ਨਵੰਬਰ 1675 ਈ. ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਇਸ ਸ਼ਹੀਦੀ ਸਾਕੇ ਦਾ ਵਰਨਣ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿਚ ਇਸ ਤਰ੍ਹਾਂ ਕੀਤਾ ਹੈ:
ਠੀਕਰੀ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਗ
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਗ।।
ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਇਕ ਮਜ਼੍ਹਬੀ ਸਿੰਘ ਜਿਸ ਦਾ ਨਾਂ ਭਾਈ ਜੈਤਾ ਸੀ, ਚੁੱਕ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਲੈ ਆਇਆ। ਗੁਰੂ ਜੀ ਨੇ ਉਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦੇ ਵਰ ਨਾਲ ਨਿਵਾਜਿਆ। ਗੁਰੂ ਜੀ ਦੇ ਧੜ ਦਾ ਸੰਸਕਾਰ ਇਕ ਸਿੱਖ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਕਰ ਦਿੱਤਾ, ਜਿਸ ਥਾਂ ਤੇ ਅੱਜਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਿਆ ਹੋਇਆ ਹੈ। ਇਸ ਤਰ੍ਹਾਂ ਗੁਰੂ ਜੀ ਨੇ ਸੀਸ ਦੀਆ ਪਰ ਸਿਰਰੁ ਨਾ ਦੀਆ। 

ਇਕ ਸ਼ਾਇਰ ਦੇ ਸ਼ਬਦਾਂ ਵਿਚ:

ਗੁਰੂ ਤੇਗ ਬਹਾਦਰ ਦੱਸਾਂ ਕੀ ਉਪਕਾਰ ਤੇਰੇ,
ਸਾਥੋਂ ਪੂਰਾ ਵਿਸਥਾਰ ਨਾ ਹੋ ਸਕਿਆ
ਰਾਗੀ, ਢਾਡੀ ਅਤੇ ਪ੍ਰਚਾਰਕਾਂ ਤੋਂ,
ਤੇਰਾ ਪੂਰਾ ਪ੍ਰਚਾਰ ਨਾ ਹੋ ਸਕਿਆ
ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ,
ਤੇਰਾ ਕੱਠਾ ਪ੍ਰਵਾਰ ਨਾ ਹੋ ਸਕਿਆ
ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ,
ਤੇਰਾ ਕੱਠਾ ਸੰਸਕਾਰ ਨਾ ਹੋ ਸਕਿਆ।