Thursday, April 4, 2013

ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ

ਉਹ ਸਮਾਂ ਸੀ, ਜਦੋਂ ਸਿੱਖਾਂ ‘ਤੇ ਕਹਿਰਾਂ ਦਾ ਕਸ਼ਟ ਸੀ, ਸਿਰਾਂ ਦੇ ਮੁੱਲ ਪੈ ਰਹੇ ਸਨ ਤੇ ਸਿੱਖ ਵੀ ਆਪਣੇ ਗੁਰੂਆਂ ‘ਤੇ ਪੂਰਾ ਅਕੀਦਾ ਰੱਖਦੇ ਹੋਏ ਗੁਰ ਸਿਧਾਂਤਾਂ ‘ਤੇ ਪਹਿਰਾ ਦਿੰਦੇ ਤੇ ਮੌਤ ਦੀ ਪ੍ਰਵਾਹ ਨਾ ਕਰਦੇ ਹੋਏ ਮੁਗ਼ਲਾਂ ਲਈ ਸਿਰਦਰਦੀ ਦਾ ਕਾਰਨ ਰਹੇ। ਇਸ ਸਮੇਂ ਵੀ ਕੁਝ ਸਿੱਖ, ਜਿਨ੍ਹਾਂ ਦਾ ਚੰਗਾ ਜ਼ਿਮੀਂਦਾਰਾ ਤੇ ਕਾਰੋਬਾਰ ਸੀ, ਉਨ੍ਹਾਂ ਬਾਕੀ ਸਿੰਘਾਂ ਵਾਂਗ ਸ਼ਸਤਰ ਤਾਂ ਨਾ ਚੁੱਕੇ, ਪਰ ਹਮੇਸ਼ਾ ਸਿੱਖ ਸਿਧਾਂਤਾਂ ਤੇ ਸਿੱਖ ਮੁਫਾਦ ਦੀ ਗੱਲ ਹੀ ਸੋਚੀ।
ਭਾਈ ਸੁਬੇਗ ਸਿੰਘ, ਪਿੰਡ ਜੰਬਰ, ਜੋ ਲਾਹੌਰ ਜ਼ਿਲ੍ਹੇ ਵਿਚ ਪੈਂਦਾ ਸੀ, ਦੇ ਰਹਿਣ ਵਾਲੇ ਤੇ ਫਾਰਸੀ ਦੇ ਆਲਮ ਸਨ। ਠੇਕੇਦਾਰੀ ਤੋਂ ਬਿਨਾਂ ਚੰਗਾ ਜ਼ਿਮੀਂਦਾਰਾ ਸੀ ਉਨ੍ਹਾਂ ਦਾ ਤੇ ਸਰਕਾਰੇ ਦਰਬਾਰੇ ਉਨ੍ਹਾਂ ਦਾ ਸਤਿਕਾਰ ਸੀ। 


ਜ਼ਕਰੀਆ ਖਾਨ, ਕਾਫੀ ਸਮੇਂ ਤੋਂ ਪੰਜਾਬ ਵਿਚ ਸਿੱਖਾਂ ਨਾਲ ਜੂਝ ਰਿਹਾ ਸੀ ਤੇ ਭਾਵੇਂ ਉਸ ਨੇ ਹਜ਼ਾਰਾਂ ਸਿੱਖ ਮਰਵਾ ਦਿੱਤੇ ਪਰ ਨਾਲ ਹੀ ਮੁਸਲਮਾਨੀ ਫੌਜ ਦਾ ਵੀ ਬੇਹੱਦ ਨੁਕਸਾਨ ਹੋਇਆ ਤੇ ਹਾਲਾਤ ਰੁਕਣ ਵਿਚ ਨਹੀਂ ਸੀ ਆ ਰਹੇ। ਜ਼ਕਰੀਆ ਖਾਨ ਨੇ ਸੋਚਿਆ ਕਿ ਕਿਉਂ ਨਾ ਸਿੱਖਾਂ ਨੂੰ ਸਤਿਕਾਰ ਵਿਖਾ ਕੇ ਇਸ ਰੇੜਕੇ ਦਾ ਕੋਈ ਉਪਰਾਲਾ ਹੋਵੇ ਤੇ ਇਸ ਆਸ਼ੇ ਨੂੰ ਮੁੱਖ ਰੱਖ ਕੇ ਉਸ ਨੇ ਬਾਦਸ਼ਾਹ ਨੂੰ ਪੱਤਰ ਘੱਲਿਆ ਕਿ ਸਿੱਖਾਂ ਨੂੰ ਜਗੀਰ ਤੇ ਨਵਾਬੀ ਦਾ ਖਿਤਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਸੰਭਵ ਹੈ ਕਿ ਸ਼ਾਂਤੀ ਵਾਲਾ ਮਾਹੌਲ ਬਣ ਸਕੇ। ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ, ਜ਼ਕਰੀਆ ਖਾਨ ਦੇ ਸਰਦਾਰ ਸੁਬੇਗ ਸਿੰਘ ਨੂੰ ਆਪਣਾ ਦੂਤ ਬਣਾ ਕੇ ਸਿੰਘਾਂ ਕੋਲ 1733 ਦੀ ਵਿਸਾਖੀ ਵਾਲੇ ਦਿਹਾੜੇ ਅੰਮ੍ਰਿਤਸਰ ਭੇਜਿਆ, ਜਿਸ ਅਧੀਨ ਰਾਜ ਵੱਲੋਂ ਨਵਾਬੀ ਤੇ ਜਗੀਰ ਦੀ ਪੇਸ਼ਕਸ਼ ਕੀਤੀ ਗਈ। ਜਥੇਦਾਰ ਦਰਬਾਰਾ ਸਿੰਘ ਨੇ ਸਰਬਤ ਖਾਲਸੇ ਵੱਲੋਂ ਇਸ ਤਜਵੀਜ਼ ਨੂੰ ਠੁਕਰਾਇਆ ਤੇ ਕਿਹਾ ਕਿ ਕਿਸੇ ਦੀ ਦਿੱਤੀ ਹੋਈ ਨਵਾਬੀ ਕਿਉਂ ਲਈ ਜਾਵੇ ਤੇ ਰਾਜਭਾਗ ਲੜ ਕੇ ਲਵਾਂਗੇ।

ਸ. ਸੁਬੇਗ ਸਿੰਘ ਨੇ ਸਮਝਾਇਆ ਕਿ ਲੜਾਈ ਵਿਚ ਕੀਮਤੀ ਸਿੱਖ ਜਾਨਾਂ ਜਾ ਰਹੀਆਂ ਹਨ ਤੇ ਫਿਰ ਜਦੋਂ ਸਰਕਾਰ ਵੱਲੋਂ ਸ਼ਾਂਤੀ ਤੇ ਸੰਧੀ ਦੀ ਪਹਿਲ ਹੈ ਤੇ ਇਸ ਨੂੰ ਨਾ ਮੰਨਣਾ ਠੀਕ ਨਹੀਂ। ਜਦੋਂ ਜਥੇਦਾਰ ਆਪ ਨਵਾਬੀ ਤੇ ਖਿਲਅਤ ਲੈਣਾ ਨਾ ਮੰਨੇ ਤਾਂ ਸੁਬੇਗ ਸਿੰਘ ਹੁਰਾਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਆਈ ਹੋਈ ਤਜਵੀਜ਼ ਤੇ ਸਤਿਕਾਰ ਨੂੰ ਵਾਪਸ ਨਾ ਕਰੋ ਤੇ ਕਿਸੇ ਸੇਵਾਦਾਰ ਅਦਨੇ ਸਿੱਖ ਨੂੰ ਹੀ ਦੇ ਦਿਓ। ਇਹ ਗੱਲ ਖਾਲਸਾ ਪੰਥ ਦੇ ਇਕੱਠ ਨੂੰ ਭਾਅ ਗਈ। ਸੋ ਇਕ ਸੇਵਾਦਾਰ, ਜੋ ਸੰਗਤਾਂ ਨੂੰ ਪੱਖਾ ਝਲ ਰਹੇ ਸਨ, ਹੁਕਮ ਹੋਇਆ ਕਿ ਨਵਾਬੀ ਤੇ ਜਗੀਰ ਭਾਈ ਕਪੂਰ ਸਿੰਘ ਸਵੀਕਾਰ ਕਰੇ। ਪਹਿਲਾਂ ਤਾਂ ਭਾਈ ਕਪੂਰ ਸਿੰਘ ਨੇ ਨਵਾਬੀ ਲੈਣ ਤੋਂ ਅਸਮਰਥਾ ਪ੍ਰਗਟਾਈ ਪਰ ਫਿਰ ਸੰਗਤ ਦਾ ਹੁਕਮ ਮੰਨ ਕੇ ਇਸ ਨੂੰ ਪ੍ਰਵਾਨ ਕਰ ਲਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਇਸ ਨਵਾਬੀ ਤੇ ਜਗੀਰ ਬਖਸ਼ੀ ਦੀ ਸਨਅਦ ਪੰਜ ਸਿੱਖਾਂ ਦੇ ਜੋੜਿਆਂ ਵਿਚ ਪਹਿਲਾਂ ਰੱਖੀ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ ਤੇ ਸੁਬੇਗ ਸਿੰਘ, ਇਹ ਸਮਝੌਤਾ ਕਰਵਾਉਣ ਵਿਚ ਸਹਾਈ ਹੋਵੇ।
ਇਸੇ ਦੌਰਾਨ, ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਯਹੀਆ ਖਾਨ, ਪੰਜਾਬ ਦਾ ਸੂਬੇਦਾਰ ਸਥਾਪਤ ਹੋਇਆ।
ਸ. ਸੁਬੇਗ ਸਿੰਘ ਦਾ ਲੜਕਾ ਸ਼ਾਹਬਾਜ਼ ਸਿੰਘ ਜਵਾਨ ਸੀ ਤੇ ਕਾਜ਼ੀ ਕੋਲੋਂ ਫਾਰਸੀ ਪੜ੍ਹਨ ਜਾਂਦਾ ਸੀ। ਕਾਜ਼ੀ ਦੇ ਮਨ ਵਿਚ ਆਇਆ ਕਿ ਆਪਣੀ ਲੜਕੀ ਦਾ ਰਿਸ਼ਤਾ, ਸ਼ਾਹਬਾਜ਼ ਸਿੰਘ ਨਾਲ ਕੀਤਾ ਜਾਵੇ ਤੇ ਇਸ ਤੋਂ ਪਹਿਲਾਂ, ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬਣਾਇਆ ਜਾਵੇ। ਸ਼ਾਹਬਾਜ਼ ਸਿੰਘ ਦਾ ਮੁਸਲਮਾਨ ਬਣਨਾ ਇਨਕਾਰੀ ਕਰਨ ‘ਤੇ ਕਾਜ਼ੀ ਨੇ ਨਵੇਂ ਸੂਬੇਦਾਰ ਯਹੀਆ ਖਾਨ ਨੂੰ ਸ਼ਿਕਾਇਤ ਕੀਤੀ ਕਿ ਸ਼ਾਹਬਾਜ਼ ਸਿੰਘ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਅਪਮਾਨਤ ਸ਼ਬਦ ਕਹੇ ਹਨ ਤੇ ਇਸੇ ਆਧਾਰ ‘ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਕਰੀਆ ਖਾਨ, ਜਿਸ ਨੂੰ ਸ. ਸੁਬੇਗ ਸਿੰਘ ਦੀ ਸਹਾਇਤਾ ਤੇ ਚੰਗੀ ਸਲਾਹ ਦਾ ਸਤਿਕਾਰ ਸੀ, ਮਰ ਚੁੱਕਾ ਸੀ।
ਦੀਵਾਨ ਲਖਪਤ ਰਾਏ ਨੇ ਯਹੀਆ ਖਾਨ ਦੇ ਕੰਨ ਭਰੇ ਕਿ ਸੁਬੇਗ ਸਿੰਘ ਇਕ ਕੱਟੜ ਸਿੱਖ ਹੈ ਤੇ ਬਹਾਨੇ ਨਾਲ ਇਸ ਨੇ ਤੁਹਾਡੇ ਪਿਤਾ ਦੇ ਸਿਰ ‘ਤੇ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ ਹਨ ਤੇ ਇਸੇ ਅਪਮਾਨ ਨਾਲ ਜ਼ਕਰੀਆ ਖਾਨ ਮਰਿਆ ਹੈ ਤੇ ਹੋਰ ਜਚਾ ਦਿੱਤਾ ਕਿ ਸੁਬੇਗ ਸਿੰਘ ਹਕੂਮਤ ਦਾ ਦੁਸ਼ਮਣ ਹੈ। ਸੁਬੇਗ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਦੋਵਾਂ ਬਾਪ-ਬੇਟੇ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਸਾਫ਼ ਜਵਾਬ ਦੇਣ ਤੇ ਉਨ੍ਹਾਂ ਨੂੰ ਚਰਖੜੀਆਂ ‘ਤੇ ਚੜ੍ਹਾ ਦਿੱਤਾ ਗਿਆ।
ਸ. ਸੁਬੇਗ ਸਿੰਘ ਨੂੰ ਕਿਹਾ  ਗਿਆ ਕਿ ਸ਼ਾਹਬਾਜ਼ ਸਿੰਘ ਨੇ ਤਾਂ ਮੁਸਲਮਾਨ ਬਣਨਾ ਪ੍ਰਵਾਨ ਕਰ ਲਿਆ ਹੈ ਤੇ ਹੁਣ ਤੁਸੀਂ ਵੀ ਮੰਨ ਜਾਵੋ। ਭਾਈ ਸੁਬੇਗ ਸਿੰਘ ਨੇ ਮੁਸਲਮਾਨ ਬਣਨਾ ਨਾ ਮੰਨਿਆ ਤੇ ਸ਼ਾਹਬਾਜ਼ ਸਿੰਘ ਤਾਂ ਪਹਿਲਾਂ ਹੀ ਨਾਂਹ ਕਰ ਚੁੱਕਿਆ ਸੀ, ਸੋ ਦੋਹਾਂ ਪਿਓ-ਪੁੱਤਰਾਂ ਨੂੰ ਚਰਖੜੀਆਂ ‘ਤੇ ਚੜ੍ਹਾ ਕੇ ਮਾਰਚ 1746 ਨੂੰ, ਜਿੰਦਾ ਹੀ ਸ਼ਹੀਦ ਕਰ ਦਿੱਤਾ ਗਿਆ। ਸਿੱਖ ਕੌਮ ਵਿਚ ਇਸ ਨਿਰਦਈ ਕਾਰੇ ਬਾਰੇ ਬਹੁਤ ਰੋਸ ਜਾਗਿਆ।
ਇਸੇ ਦਿਨ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਨੂੰ ਕਸਾਈਆਂ ਦੇ ਸਪੁਰਦ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਕੱਟਿਆ ਤੇ ਵੱਢਿਆ ਜਾਵੇ। ਸ਼ਹਿਰ ਦੇ ਮੋਹਤਬਰ ਹਿੰਦੂਆਂ ਨੇ ਦੀਵਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੇਕਸੂਰ ਸਿੱਖਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਪਰ ਲਖਪਤ ਰਾਏ, ਆਪਣੇ ਨਿਰਦਈ ਫੈਸਲੇ ਤੋਂ ਨਾ ਟਲਿਆ।

ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਆਪਣੇ ਨਿਸ਼ਠੇ ਨੂੰ ਪਾਲਦੇ, ਗੁਰੂ ਆਸ਼ੇ ‘ਤੇ ਖਰੇ ਉਤਰਦਿਆਂ ਦੁਨਿਆਵੀ ਲਾਲਚਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਕੌਮ ਅੱਜ ਵੀ ਸਤਿਕਾਰ ਸਹਿਤ ਯਾਦ ਕਰਕੇ ਉਨ੍ਹਾਂ ਦੀ ਕੁਰਬਾਨੀ ਤੇ ਘਾਲਣਾ ਅੱਗੇ ਸਿਰ ਨਿਵਾਉਂਦੀ ਹੈ।